ਡਗ ਫੋਰਡ ਨੇ ਨਸ਼ਾ ਮੁਕਤੀ ਲਈ ਬਿਨਾਂ ਸਹਿਮਤੀ ਇਲਾਜ ਦੀ ਸੰਭਾਵਨਾ ’ਤੇ ਸਹਿਮਤੀ ਦੇ ਦਿੱਤੇ ਸੰਕੇਤ
ਓਨਟਾਰੀਓ-ਓਨਟਾਰੀਓ ਦੇ ਮੁੱਖ ਸ਼ਹਿਰਾਂ ਦੇ ਮੇਅਰਾਂ ਵੱਲੋਂ ਨਸ਼ੇ, ਬੇਘਰੇ ਲੋਕਾਂ ਸਬੰਧੀ ਸਮੱਸਿਆਵਾਂ ਅਤੇ ਮਾਨਸਿਕ ਸਿਹਤ ਸੰਕਟ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਤੋਂ ਬਾਅਦ ਪ੍ਰੋਵਿੰਸ ਦੇ ਪ੍ਰੀਮੀਅਰ ਡਗ ਫੋਰਡ ਨੇ ਬਿਨਾਂ ਸਹਿਮਤੀ ਨਸ਼ਾ ਮੁਕਤੀ ਇਲਾਜ ਦੀ ਸੰਭਾਵਨਾ ’ਤੇ ਵਿਚਾਰ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਵੀਰਵਾਰ ਨੂੰ ਇੱਕ ਪੱਤਰਕਾਰ ਸੰਮੇਲਨ ਦੌਰਾਨ ਫੋਰਡ ਨੇ ਕਿਹਾ ਕਿ ਉਹ ਅਜਿਹੇ ਇਲਾਜ ਲਈ ਕਾਨੂੰਨ ਬਣਾਉਣ ਬਾਰੇ ਮਿਊਂਸਪੈਲੇਟੀਜ਼ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ, ਪਰ ਇਸ ਦਾ ਮਕਸਦ ਪ੍ਰਭਾਵਿਤ ਲੋਕਾਂ ਅਤੇ ਭਾਈਚਾਰਿਆਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਇਲਾਜ ਦੀ ਵਧੇਰੇ ਸਮਰੱਥਾ ਪੈਦਾ ਕਰਨਾ ਇੱਕ ਵੱਡੀ ਚੁਣੌਤੀ ਹੈ। ਓਨਟਾਰੀਓ ਦੇ ਵੱਡੇ ਸ਼ਹਿਰਾਂ ਦੇ ਮੇਅਰਾਂ ਦੇ ਗਠਜੋੜ ਨੇ ਅਗਸਤ ਵਿੱਚ ‘ਸੰਕਟ ਦਾ ਹੱਲ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਤਹਿਤ ਨਸ਼ਾ ਮੁਕਤੀ, ਮਾਨਸਿਕ ਸਿਹਤ ਅਤੇ ਬੇਘਰੇ ਲੋਕਾਂ ਸਬੰਧੀ ਸਮੱਸਿਆਵਾਂ ਨਾਲ ਜੁੜੇ ਸੰਕਟ ਨਾਲ ਨਜਿੱਠਣ ਲਈ ਪ੍ਰੋਵਿੰਸ਼ੀਅਲ ਸਰਕਾਰ ਤੋਂ ਵਧੇਰੇ ਪ੍ਰਭਾਵਸ਼ਾਲੀ ਕਦਮਾਂ ਦੀ ਮੰਗ ਕੀਤੀ ਗਈ ਹੈ। ਮੇਅਰਾਂ ਦਾ ਕਹਿਣਾ ਹੈ ਕਿ ਮਿਊਂਸਪੈਲੇਟੀਜ਼ ਆਪਣੇ ਪੱਧਰ ’ਤੇ ਸੇਵਾਵਾਂ ਅਤੇ ਪ੍ਰੋਗਰਾਮਾਂ ਵਿੱਚ ਨਿਵੇਸ਼ ਕਰ ਰਹੀਆਂ ਹਨ, ਪਰ ਸੰਕਟ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਸਥਾਨਕ ਸਰਕਾਰਾਂ ਦੀ ਸਮਰੱਥਾ ਸੀਮਤ ਹੋ ਰਹੀ ਹੈ।
ਉਹ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਲਈ ਤੇਜ਼ੀ ਨਾਲ ਇਲਾਜ ਉਪਲਬਧ ਕਰਵਾਉਣ ਅਤੇ ਇਸ ਲਈ ਵਧੇਰੇ ਸਰਕਾਰੀ ਫੰਡ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ। ਮੇਅਰਾਂ ਨੇ ਮਾਨਸਿਕ ਸਿਹਤ ਅਤੇ ਸਿਹਤ ਸਬੰਧੀ ਕਾਨੂੰਨਾਂ ਦੀ ਸਮੀਖਿਆ ਕਰਨ, ਜੇਲ੍ਹਾਂ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਵਧਾਉਣ ਅਤੇ ਇਸ ਸੰਕਟ ਨੂੰ ਐਮਰਜੈਂਸੀ ਵਜੋਂ ਐਲਾਨਣ ਦੀ ਵੀ ਮੰਗ ਕੀਤੀ ਹੈ। ਫੋਰਡ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਮਦਦ ਦੀ ਲੋੜ ਹੈ ਅਤੇ ਸਰਕਾਰ ਇਸ ਸੰਕਟ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ਬਿਨਾਂ ਸਹਿਮਤੀ ਇਲਾਜ ਸਬੰਧੀ ਕੋਈ ਨਵਾਂ ਕਾਨੂੰਨ ਹਾਲੇ ਤੱਕ ਪੇਸ਼ ਨਹੀਂ ਕੀਤਾ ਗਿਆ ਹੈ।
















