ਵਰਕਲੰਡ ਸੈਂਟਰ ਦੇ ਆਧੁਨਿਕੀਕਰਨ ਲਈ ਕੈਲਗਰੀ ਸ਼ਹਿਰ ਤੋਂ ਵਿੱਤੀ ਯੋਗਦਾਨ ਦੁੱਗਣਾ ਕਰਨ ਦੀ ਸਿਫ਼ਾਰਸ਼

ਵਰਕਲੰਡ ਸੈਂਟਰ ਦੇ ਆਧੁਨਿਕੀਕਰਨ ਲਈ ਕੈਲਗਰੀ ਸ਼ਹਿਰ ਤੋਂ ਵਿੱਤੀ ਯੋਗਦਾਨ ਦੁੱਗਣਾ ਕਰਨ ਦੀ ਸਿਫ਼ਾਰਸ਼

ਕੈਲਗਰੀ-ਕੈਲਗਰੀ ਦੇ ਵਰਕਲੰਡ ਸੈਂਟਰ (ਪਹਿਲਾਂ ਆਰਟਸ ਕਾਮਨਜ਼) ਦੇ ਆਧੁਨਿਕੀਕਰਨ ਪ੍ਰੋਜੈਕਟ ਦੀ ਵੱਧ ਰਹੀ ਲਾਗਤ ਨੂੰ ਦੇਖਦਿਆਂ ਸ਼ਹਿਰੀ ਪ੍ਰਸ਼ਾਸਨ ਨੇ ਕੈਲਗਰੀ ਸਿਟੀ ਕੌਂਸਲ ਨੂੰ ਇਸ ਲਈ ਆਪਣਾ ਵਿੱਤੀ ਯੋਗਦਾਨ ਲਗਭਗ ਦੁੱਗਣਾ ਕਰਨ ਦੀ ਸਿਫ਼ਾਰਸ਼ ਕੀਤੀ ਹੈ।ਸੋਮਵਾਰ ਨੂੰ ਆਰਟਸ ਕਾਮਨਜ਼ ਸਲਾਹਕਾਰ ਕਮੇਟੀ ਅੱਗੇ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਹੁਣ ਤੱਕ ਇਸ ਪ੍ਰੋਜੈਕਟ ਲਈ 7.45 ਕਰੋੜ ਡਾਲਰ (74.5 ਮਿਲੀਅਨ ਡਾਲਰ) ਦੀ ਰਕਮ ਉਪਲਬਧ ਹੋ ਚੁੱਕੀ ਹੈ, ਪਰ ਅਜੇ ਵੀ 27.05 ਕਰੋੜ ਡਾਲਰ (270.5 ਮਿਲੀਅਨ ਡਾਲਰ) ਦੀ ਘਾਟ ਬਾਕੀ ਹੈ।

ਇਸੇ ਕਾਰਨ ਸ਼ਹਿਰੀ ਪ੍ਰਸ਼ਾਸਨ ਨੇ ਆਉਣ ਵਾਲੇ ਚਾਰ ਸਾਲਾਂ ਦੇ ਬਜਟ ਵਿੱਚ ਸ਼ਹਿਰ ਦਾ ਯੋਗਦਾਨ 6.3 ਕਰੋੜ ਡਾਲਰ (63 ਮਿਲੀਅਨ) ਤੋਂ ਵਧਾ ਕੇ 12.5 ਕਰੋੜ ਡਾਲਰ (125 ਮਿਲੀਅਨ) ਕਰਨ ਦੀ ਸਿਫ਼ਾਰਸ਼ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਦੇ ਦਾਇਰੇ ਵਿੱਚ ਵਾਧੇ ਅਤੇ ਨਵੇਂ ਲਾਗਤ ਅਨੁਮਾਨਾਂ ਕਾਰਨ ਇਹ ਫ਼ੈਸਲਾ ਲੈਣਾ ਲਾਜ਼ਮੀ ਹੋ ਗਿਆ ਹੈ।

ਵਰਕਲੰਡ ਸੈਂਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੈਕਸ ਸੈਰੀਅਨ ਨੇ ਕਿਹਾ ਕਿ 40 ਸਾਲ ਤੋਂ ਵੱਧ ਪੁਰਾਣੀ ਇਹ ਇਮਾਰਤ ਹੁਣ ਵਿਆਪਕ ਨਵੀਨੀਕਰਨ ਦੀ ਮੰਗ ਕਰਦੀ ਹੈ ਅਤੇ ਪੂਰੇ ਸੱਭਿਆਚਾਰਕ ਕੈਂਪਸ ਦੀ ਸਫ਼ਲਤਾ ਲਈ ਇਸ ਦਾ ਆਧੁਨਿਕੀਕਰਨ ਬਹੁਤ ਜ਼ਰੂਰੀ ਹੈ।ਇਹ ਪ੍ਰੋਜੈਕਟ ਇਲਾਕੇ ਵਿੱਚ ਚੱਲ ਰਹੇ ਤਿੰਨ ਵੱਡੇ ਵਿਕਾਸ ਕਾਰਜਾਂ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਨਵੇਂ ਥੀਏਟਰ ਸਪੇਸ ਦਾ ਵਿਸਥਾਰ ਅਤੇ ਓਲੰਪਿਕ ਪਲਾਜ਼ਾ ਦਾ ਮੁੜ ਵਿਕਾਸ ਵੀ ਸ਼ਾਮਲ ਹੈ।

ਪ੍ਰਸਤਾਵਿਤ ਆਧੁਨਿਕੀਕਰਨ ਤਹਿਤ ਜੈਕ ਸਿੰਗਰ ਕਨਸਰਟ ਹਾਲ ਅਤੇ ਹੋਰ ਥੀਏਟਰਾਂ ਦੀਆਂ ਲੌਬੀਆਂ ਦਾ ਨਵੀਨੀਕਰਨ, ਦਫ਼ਤਰੀ ਅਤੇ ਕਲਾ ਸਿੱਖਿਆ ਲਈ ਵਾਧੂ ਥਾਂ, ਦਿਵਿਆਂਗਾਂ ਲਈ ਬਿਹਤਰ ਪਹੁੰਚ, ਪਲੱਸ-15 ਵਾਕਵੇਅ ਦੀ ਮੁੜ ਵਿਵਸਥਾ ਅਤੇ ਪਬਲਿਕ ਬਿਲਡਿੰਗ ਦੇ ਅੱਪਗ੍ਰੇਡ ਸ਼ਾਮਲ ਹਨ।ਵਾਰਡ-6 ਦੇ ਕੌਂਸਲਰ ਅਤੇ ਕਮੇਟੀ ਦੇ ਚੇਅਰਮੈਨ ਜੌਨ ਪੈਂਟਾਜ਼ੋਪੋਲਸ ਨੇ ਕਿਹਾ ਕਿ ਇਹ ਪ੍ਰੋਜੈਕਟ ਕੈਲਗਰੀ ਦੇ ਡਾਊਨਟਾਊਨ ਦੀ ਆਰਥਿਕ ਸਰਗਰਮੀ ਅਤੇ ਸੱਭਿਆਚਾਰਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

ਅਧਿਕਾਰੀਆਂ ਮੁਤਾਬਕ, ਵਿਸਤ੍ਰਿਤ ਡਿਜ਼ਾਈਨ ਅਤੇ ਪ੍ਰੋਜੈਕਟ ਦੇ ਵਧੇ ਹੋਏ ਦਾਇਰੇ ਕਾਰਨ ਕੁੱਲ ਲਾਗਤ ਹੁਣ 34.5 ਕਰੋੜ ਡਾਲਰ (345 ਮਿਲੀਅਨ ਡਾਲਰ) ਅੰਦਾਜ਼ੀ ਗਈ ਹੈ, ਜੋ ਪਹਿਲਾਂ ਦੇ ਅਨੁਮਾਨ ਨਾਲੋਂ 7.5 ਕਰੋੜ ਡਾਲਰ (75 ਮਿਲੀਅਨ ਡਾਲਰ) ਵੱਧ ਹੈ।ਕੈਲਗਰੀ ਮਿਊਂਸਪਲ ਲੈਂਡ ਕਾਰਪੋਰੇਸ਼ਨ ਦੀ ਪ੍ਰਧਾਨ ਕੇਟ ਥੌਮਸਨ ਨੇ ਕਿਹਾ ਕਿ ਜਿਵੇਂ-ਜਿਵੇਂ ਪ੍ਰੋਜੈਕਟ ਦੀ ਯੋਜਨਾ ਹੋਰ ਵਿਸਤ੍ਰਿਤ ਹੁੰਦੀ ਹੈ, ਲਾਗਤ ਦੇ ਅਨੁਮਾਨ ਵੀ ਹੋਰ ਸਹੀ ਹੋ ਜਾਂਦੇ ਹਨ, ਜਿਸ ਕਾਰਨ ਖਰਚ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ।

ਇਸ ਪ੍ਰੋਜੈਕਟ ਲਈ ਅਲਬਰਟਾ ਸਰਕਾਰ ਪਹਿਲਾਂ ਹੀ 10.3 ਕਰੋੜ ਡਾਲਰ (103 ਮਿਲੀਅਨ) ਦੇਣ ਦਾ ਐਲਾਨ ਕਰ ਚੁੱਕੀ ਹੈ। ਹੁਣ ਅਧਿਕਾਰੀ ਕੈਨੇਡਾ ਸਰਕਾਰ ਨੂੰ ਵੀ ਆਪਣੇ ਆਉਣ ਵਾਲੇ ਬਜਟ ਵਿੱਚ ਇੰਨੀ ਹੀ ਰਕਮ ਦੇਣ ਦੀ ਅਪੀਲ ਕਰ ਰਹੇ ਹਨ, ਜਦਕਿ ਬਾਕੀ ਫੰਡ ਦਾਨ ਮੁਹਿੰਮ ਰਾਹੀਂ ਇਕੱਠੇ ਕਰਨ ਦੀ ਯੋਜਨਾ ਹੈ।ਜੇਕਰ ਲੋੜੀਂਦੀ ਫੰਡਿੰਗ 2026 ਦੇ ਅੰਤ ਤੱਕ ਮਿਲ ਜਾਂਦੀ ਹੈ ਤਾਂ ਵਰਕਲੰਡ ਸੈਂਟਰ ਦੇ ਆਧੁਨਿਕੀਕਰਨ ਦਾ ਨਿਰਮਾਣ ਕੰਮ 2029 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਸਬੰਧੀ ਅੰਤਿਮ ਫ਼ੈਸਲਾ ਕੈਲਗਰੀ ਸਿਟੀ ਕੌਂਸਲ ਵੱਲੋਂ ਨਵੰਬਰ ਵਿੱਚ ਚਾਰ ਸਾਲਾ ਬਜਟ 'ਤੇ ਚਰਚਾ ਦੌਰਾਨ ਲਿਆ ਜਾਵੇਗਾ।