ਭਾਰੀ ਮੀਂਹ ਮਗਰੋਂ ਐਡਮੰਟਨ ਵਿੱਚ ਪਾਣੀ ਸਪਲਾਈ ਸਬੰਧੀ ਚੇਤਾਵਨੀ ਖਤਮ, ਹਾਲਾਤ ਹੋਏ ਸਧਾਰਨ

ਭਾਰੀ ਮੀਂਹ ਮਗਰੋਂ ਐਡਮੰਟਨ ਵਿੱਚ ਪਾਣੀ ਸਪਲਾਈ ਸਬੰਧੀ ਚੇਤਾਵਨੀ ਖਤਮ, ਹਾਲਾਤ ਹੋਏ ਸਧਾਰਨ

ਐਡਮੰਟਨ-ਅਲਬਰਟਾ ਦੀ ਰਾਜਧਾਨੀ ਐਡਮੰਟਨ ਵਿੱਚ ਭਾਰੀ ਮੀਂਹ ਕਾਰਨ ਜਾਰੀ ਕੀਤੀ ਗਈ ਪਾਣੀ ਸਪਲਾਈ ਸਬੰਧੀ ਚੇਤਾਵਨੀ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਸ਼ਹਿਰੀ ਪ੍ਰਸ਼ਾਸਨ ਵੱਲੋਂ ਸੋਮਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਸਲਾਹ ਅਨੁਸਾਰ ਇਲਾਕੇ ਦੀ ਸਟਾਰਮ ਵਾਟਰ ਪ੍ਰਣਾਲੀ ਮੁੜ ਸਥਿਰ ਹੋ ਗਈ ਹੈ ਅਤੇ ਨਿਵਾਸੀ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਆਮ ਵਾਂਗ ਜਾਰੀ ਰੱਖ ਸਕਦੇ ਹਨ।ਪਿਛਲੇ ਕੁਝ ਦਿਨਾਂ ਦੌਰਾਨ ਐਡਮੰਟਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹੋਈ ਭਾਰੀ ਵਰਖਾ ਕਾਰਨ ਸ਼ਹਿਰ ਦੀਆਂ ਕਈ ਸਟਾਰਮ ਵਾਟਰ ਪ੍ਰਣਾਲੀਆਂ ਉੱਤੇ ਦਬਾਅ ਵੱਧ ਗਿਆ ਸੀ। ਇਸ ਕਾਰਨ ਹੜ੍ਹ ਅਤੇ ਸੀਵਰ ਬੈਕਅੱਪ ਦੇ ਖਤਰੇ ਨੂੰ ਦੇਖਦੇ ਹੋਏ ਐਤਵਾਰ ਨੂੰ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਚੇਤਾਵਨੀ ਜਾਰੀ ਕੀਤੀ ਗਈ ਸੀ।

ਐਡਮੰਟਨ ਦੇ ਮੇਅਰ ਐਂਡਰੂ ਨੈਕ ਅਤੇ ਸ਼ਹਿਰ ਦੀ ਯੂਟਿਲਿਟੀ ਸੇਵਾ ਪ੍ਰਦਾਤਾ ਕੰਪਨੀ ਈਪੀਕੋਰ ਨੇ ਲੋਕਾਂ ਨੂੰ ਬੇਲੋੜੀ ਪਾਣੀ ਦੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ ਸੀ ਤਾਂ ਜੋ ਸਿਸਟਮ ਉੱਤੇ ਵੱਧ ਰਹੇ ਦਬਾਅ ਨੂੰ ਘਟਾਇਆ ਜਾ ਸਕੇ।

ਈਪੀਕੋਰ ਦੇ ਬੁਲਾਰੇ ਮਾਰਟਿਨ ਕੈਨੇਡੀ ਨੇ ਦੱਸਿਆ ਕਿ ਕੰਪਨੀ ਨੂੰ 600 ਤੋਂ ਵੱਧ ਸ਼ਿਕਾਇਤਾਂ ਅਤੇ ਸਹਾਇਤਾ ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਹੜ੍ਹ ਅਤੇ ਸੀਵਰ ਬੈਕਅੱਪ ਨਾਲ ਸਬੰਧਤ ਸਨ।ਵਾਤਾਵਰਨ ਕੈਨੇਡਾ ਦੇ ਅਨੁਸਾਰ ਤਿੰਨ ਦਿਨਾਂ ਦੌਰਾਨ ਐਡਮੰਟਨ ਵਿੱਚ ਕੁੱਲ 104 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿੱਚ ਸੁਧਾਰ ਦੀ ਉਮੀਦ ਹੈ, ਹਾਲਾਂਕਿ ਇਸ ਹਫ਼ਤੇ ਦੇ ਅੰਤਲੇ ਦਿਨਾਂ ਵਿੱਚ ਮੁੜ ਵਰਖਾ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ।ਸ਼ਹਿਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਿਤੀ ਇਸ ਵੇਲੇ ਕਾਬੂ ਹੇਠ ਹੈ, ਪਰ ਨਿਵਾਸੀਆਂ ਨੂੰ ਮੌਸਮ ਨਾਲ ਜੁੜੀਆਂ ਤਾਜ਼ਾ ਜਾਣਕਾਰੀਆਂ ਅਤੇ ਸੁਰੱਖਿਆ ਸਲਾਹਾਂ ਉੱਤੇ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ।