ਜੰਤਰ-ਮੰਤਰ ਲਾਠੀਚਾਰਜ ਦੇ ਵਿਰੋਧ 'ਚ ਹਿਮਾਚਲ ਭਰ ਵਿੱਚ ਪ੍ਰਦਰਸ਼ਨ, ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ

ਜੰਤਰ-ਮੰਤਰ ਲਾਠੀਚਾਰਜ ਦੇ ਵਿਰੋਧ 'ਚ ਹਿਮਾਚਲ ਭਰ ਵਿੱਚ ਪ੍ਰਦਰਸ਼ਨ, ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ

ਸ਼ਿਮਲਾ-ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨਕਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵਿਦਿਆਰਥੀ, ਨੌਜਵਾਨ ਅਤੇ ਖੱਬੇਪੰਥੀ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੱਦੇ 'ਤੇ ਕਰਵਾਏ ਗਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਨੀਟ-ਯੂਜੀ ਪੇਪਰ ਲੀਕ ਮਾਮਲੇ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ।

ਸ਼ਿਮਲਾ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫ਼ਆਈ), ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ), ਆਲ ਇੰਡੀਆ ਡੈਮੋਕ੍ਰੈਟਿਕ ਵੂਮੈਨਜ਼ ਐਸੋਸੀਏਸ਼ਨ (ਏਡਵਾ), ਡੈਮੋਕ੍ਰੈਟਿਕ ਸਟੂਡੈਂਟਸ ਐਂਡ ਮਾਸ ਮੂਵਮੈਂਟ (ਡੀਐੱਸਐੱਮਐੱਮ), ਆਲ ਇੰਡੀਆ ਲਾਇਰਜ਼ ਯੂਨੀਅਨ (ਏਆਈਐੱਲਯੂ), ਡੈਮੋਕ੍ਰੈਟਿਕ ਯੂਥ ਫੈਡਰੇਸ਼ਨ ਆਫ਼ ਇੰਡੀਆ (ਡੀਵਾਈਐੱਫ਼ਆਈ), ਸ਼ਿਮਲਾ ਨਾਗਰਿਕ ਸਭਾ ਅਤੇ ਐਪਲ ਗਰੋਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ।

ਇਸੇ ਤਰ੍ਹਾਂ ਸੋਲਨ ਵਿੱਚ ਵੀ ਸੀਟੂ, ਐੱਸਐੱਫ਼ਆਈ ਅਤੇ ਹੋਰ ਜਥੇਬੰਦੀਆਂ ਵੱਲੋਂ ਚਿਲਡਰਨ ਪਾਰਕ ਤੋਂ ਓਲਡ ਰੈਸਟ ਹਾਊਸ ਤੱਕ ਰੋਸ ਰੈਲੀ ਕੱਢੀ ਗਈ।ਪ੍ਰਦਰਸ਼ਨਕਾਰੀਆਂ ਨੇ ਸੋਨਮ ਵਾਂਗਚੁਕ ਦੀ ਤੁਰੰਤ ਰਿਹਾਈ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ, ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਭੰਗ ਕਰਨ, ਨਵੀਂ ਸਿੱਖਿਆ ਨੀਤੀ (ਐੱਨਈਪੀ) ਵਾਪਸ ਲੈਣ ਅਤੇ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ।

ਸੀਟੂ ਆਗੂਆਂ ਨੇ ਦੋਸ਼ ਲਗਾਇਆ ਕਿ ਨੀਟ, ਯੂਜੀਸੀ-ਨੈੱਟ ਅਤੇ ਜੇਈਈ ਸਮੇਤ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਪੇਪਰ ਲੀਕ ਦੇ ਮਾਮਲਿਆਂ ਨੇ ਵਿਦਿਆਰਥੀਆਂ ਦਾ ਪ੍ਰੀਖਿਆ ਪ੍ਰਣਾਲੀ 'ਤੇ ਭਰੋਸਾ ਡਗਮਗਾ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਐੱਨਟੀਏ 'ਤੇ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਵਿੱਚ ਨਾਕਾਮ ਰਹਿਣ ਦਾ ਦੋਸ਼ ਵੀ ਲਗਾਇਆ।

ਐੱਸਐੱਫ਼ਆਈ ਆਗੂ ਸੰਨੀ ਸੇਕਤਾ, ਅਨਿਲ ਠਾਕੁਰ ਅਤੇ ਹੋਰਾਂ ਨੇ ਐਲਾਨ ਕੀਤਾ ਕਿ ਪੇਪਰ ਲੀਕ ਦੇ ਵਿਰੋਧ ਵਿੱਚ ਚੱਲ ਰਹੇ ਦੇਸ਼-ਵਿਆਪੀ ਅੰਦੋਲਨ ਦੇ ਸਮਰਥਨ ਵਿੱਚ ਆਉਣ ਵਾਲੇ ਦਿਨਾਂ ਵਿੱਚ ਸ਼ਿਮਲਾ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰਿਲੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।