ਹਿਮਾਚਲ ਕਾਂਗਰਸ ’ਚ ਘਮਾਸਾਨ ਤੇਜ਼, ਸਾਬਕਾ ਵਿਧਾਇਕ ਨੀਰਜ ਭਾਰਤੀ ਵੱਲੋਂ ਸੁੱਖੂ ਸਰਕਾਰ ’ਤੇ ਨਿਸ਼ਾਨੇ

ਹਿਮਾਚਲ ਕਾਂਗਰਸ ’ਚ ਘਮਾਸਾਨ ਤੇਜ਼, ਸਾਬਕਾ ਵਿਧਾਇਕ ਨੀਰਜ ਭਾਰਤੀ ਵੱਲੋਂ ਸੁੱਖੂ ਸਰਕਾਰ ’ਤੇ ਨਿਸ਼ਾਨੇ

ਸ਼ਿਮਲਾ-ਹਿਮਾਚਲ ਪ੍ਰਦੇਸ਼ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਹੋਰ ਗਹਿਰੀ ਹੋ ਗਈ ਹੈ। ਸਾਬਕਾ ਵਿਧਾਇਕ ਨੀਰਜ ਭਾਰਤੀ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਸਿਰਫ਼ ਭਰੋਸੇ ਦਿੰਦੀ ਹੈ ਪਰ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਹੋ ਰਹੇ।ਪਾਰਟੀ ਵੱਲੋਂ ਨੀਰਜ ਭਾਰਤੀ ਦਾ ਸੂਬਾ ਕਾਂਗਰਸ ਉਪ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਵਿਨੋਦ ਜਿੰਟਾ ਨੇ ਕਿਹਾ ਕਿ ਭਾਰਤੀ ਦਾ ਕਾਰਜਕਾਲ ਹੁਣ ਸਮਾਪਤ ਹੋ ਚੁੱਕਾ ਹੈ।

ਜਵਾਲੀ ਤੋਂ ਸਾਬਕਾ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਚੰਦਰ ਕੁਮਾਰ ਦੇ ਪੁੱਤਰ ਨੀਰਜ ਭਾਰਤੀ ਨੇ ਵੀਰਵਾਰ ਨੂੰ ਆਪਣਾ ਦੋ ਸਫ਼ਿਆਂ ਦਾ ਅਸਤੀਫ਼ਾ ਸੂਬਾ ਕਾਂਗਰਸ ਪ੍ਰਧਾਨ ਵਿਨੇ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਅਨੁਰਾਗ ਠਾਕੁਰ ਨੂੰ ਭੇਜਿਆ ਸੀ। ਆਪਣੇ ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਨੇ ਉਹਨਾਂ ਕਾਂਗਰਸੀ ਵਰਕਰਾਂ ਨੂੰ ਨਿਰਾਸ਼ ਕੀਤਾ ਹੈ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ।

ਭਾਰਤੀ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਠੇਕੇਦਾਰਾਂ ਦੀਆਂ ਅਦਾਇਗੀਆਂ ਵਿੱਚ ਗੜਬੜਾਂ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਨਾ ਇਹ ਪਤਾ ਲੱਗਦਾ ਹੈ ਕਿ ਟਰਾਂਸਫ਼ਰ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ ਅਤੇ ਕਦੋਂ ਖ਼ਤਮ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਡੀ.ਓ. ਲੈਟਰਾਂ ਦਾ ਵੀ ਕੋਈ ਰਿਕਾਰਡ ਨਹੀਂ ਮਿਲਦਾ।ਉਨ੍ਹਾਂ ਕਿਹਾ ਕਿ ਪਾਰਟੀ ਲਈ ਹਰ ਹਾਲਾਤ ਵਿੱਚ ਖੜ੍ਹੇ ਰਹਿਣ ਵਾਲੇ ਵਰਕਰਾਂ ਨੂੰ ਸਰਕਾਰ ਬਣਨ ਮਗਰੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਭਾਰਤੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਪਰ ਜਦੋਂ ਵਰਕਰਾਂ ਦੀ ਸੁਣਵਾਈ ਨਾ ਹੋਵੇ ਤਾਂ ਆਪਣੀ ਹੀ ਪਾਰਟੀ ਖ਼ਿਲਾਫ਼ ਆਵਾਜ਼ ਉਠਾਉਣੀ ਪੈਂਦੀ ਹੈ।

ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਦੌਰ ਨਾਲ ਤੁਲਨਾ ਕਰਦਿਆਂ ਭਾਰਤੀ ਨੇ ਕਿਹਾ ਕਿ ਉਸ ਸਮੇਂ ਕਿਸੇ ਨੂੰ ਭਰੋਸਾ ਦਿੱਤਾ ਜਾਂਦਾ ਸੀ ਤਾਂ ਦੋ ਦਿਨਾਂ ਵਿੱਚ ਕੰਮ ਹੋ ਜਾਂਦਾ ਸੀ, ਪਰ ਹੁਣ ਕੋਈ ਯਕੀਨ ਨਹੀਂ ਕਿ ਕੰਮ ਹੋਵੇਗਾ ਜਾਂ ਨਹੀਂ।ਉਨ੍ਹਾਂ ਕਿਹਾ ਕਿ ਹਰ ਗੱਲ ਲਈ ਫੰਡਾਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ, ਸਗੋਂ ਫ਼ੈਸਲੇ ਲੈਣ ਦੀ ਇੱਛਾ ਸ਼ਕਤੀ ਦੀ ਕਮੀ ਵੀ ਵੱਡਾ ਕਾਰਨ ਹੈ। ਭਾਰਤੀ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਕਾਰਗੁਜ਼ਾਰੀ ਦਾ ਅਸਰ ਹੁਣ ਸਥਾਨਕ ਚੋਣਾਂ ਦੇ ਨਤੀਜਿਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਭਾਰਤੀ ਦੇ ਅਸਤੀਫ਼ੇ ਨੂੰ ਵੱਡਾ ਮਾਮਲਾ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ “ਭਾਰਤੀ ਕੋਈ ਵੱਡਾ ਮੁੱਦਾ ਨਹੀਂ ਹਨ।”ਦੂਜੇ ਪਾਸੇ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਪੂਰਾ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਨੀਰਜ ਭਾਰਤੀ ਦੀਆਂ ਸ਼ਿਕਾਇਤਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ।ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਇਸ ਮਾਮਲੇ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਮੁੱਖ ਮੰਤਰੀ ’ਤੇ ਲਗਾਏ ਗਏ ਦੋਸ਼ ਸਰਕਾਰ ਲਈ ਸ਼ਰਮਨਾਕ ਹਨ।