ਬੀ.ਸੀ. ਵਿੱਚ ਜੰਗਲਾਂ ਦੀ ਅੱਗ ਨੇ ਧਾਰਿਆ ਭਿਆਨਕ ਰੂਪ, ਸੁੱਕੇ ਹਾਲਾਤਾਂ ਨੇ ਵਧਾਇਆ ਖ਼ਤਰਾ
ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਦੀ ਅੱਗ ਲਗਾਤਾਰ ਭਿਆਨਕ ਰੂਪ ਧਾਰ ਰਹੀ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਵਿੱਚ ਜੰਗਲਾਂ ਦਾ ਸੁੱਕਾਪਣ ਰਿਕਾਰਡ ਪੱਧਰ 'ਤੇ ਹੈ, ਜਿਸ ਕਾਰਨ ਅੱਗ ਬੇਹੱਦ ਤੇਜ਼ੀ ਨਾਲ ਫੈਲ ਰਹੀ ਹੈ।
ਸੂਬਾਈ ਆਪ੍ਰੇਸ਼ਨ ਡਾਇਰੈਕਟਰ ਕਲਿਫ਼ ਚੈਪਮੈਨ ਨੇ ਕਿਹਾ ਕਿ 85 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਅੱਗ ਨੂੰ ਹੋਰ ਖ਼ਤਰਨਾਕ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਵੇਖੇ ਗਏ।ਵਰਨਨ ਦੇ ਪੱਛਮ ਵਿੱਚ ਲੱਗੀ ਬ੍ਰੈਡਲੀ ਕ੍ਰੀਕ ਜੰਗਲ ਅੱਗ 2,852 ਹੈਕਟੇਅਰ ਤੱਕ ਫੈਲ ਚੁੱਕੀ ਹੈ ਅਤੇ ਹੁਣ ਤੱਕ 230 ਘਰ ਤਬਾਹ ਹੋਣ ਦਾ ਖ਼ਦਸ਼ਾ ਹੈ। ਇਹ ਅੱਗ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ ਪਰ ਸ਼ਨੀਵਾਰ ਨੂੰ ਤੇਜ਼ ਹਵਾਵਾਂ ਕਾਰਨ ਬੇਕਾਬੂ ਹੋ ਗਈ।ਮੰਗਲਵਾਰ ਸਵੇਰੇ ਤੱਕ ਸੂਬੇ ਵਿੱਚ 120 ਜੰਗਲ ਅੱਗਾਂ ਸੜ ਰਹੀਆਂ ਸਨ, ਜਿਨ੍ਹਾਂ ਵਿੱਚੋਂ 15 ਪਿਛਲੇ 24 ਘੰਟਿਆਂ ਦੌਰਾਨ ਲੱਗੀਆਂ। ਇੱਕ ਹਜ਼ਾਰ ਤੋਂ ਵੱਧ ਅੱਗ ਬੁਝਾਊ ਕਰਮੀ ਅਤੇ ਸਥਾਨਕ ਫਾਇਰ ਵਿਭਾਗ ਅੱਗ 'ਤੇ ਕਾਬੂ ਪਾਉਣ ਲਈ ਤਾਇਨਾਤ ਹਨ। ਮੈਕਸੀਕੋ ਤੋਂ ਅੱਗ ਬੁਝਾਊ ਟੀਮਾਂ ਪਹੁੰਚ ਚੁੱਕੀਆਂ ਹਨ, ਜਦਕਿ ਹੋਰ ਟੀਮਾਂ ਮੈਕਸੀਕੋ ਅਤੇ ਆਸਟ੍ਰੇਲੀਆ ਤੋਂ ਆਉਣ ਵਾਲੀਆਂ ਹਨ।
ਸੂਬੇ ਵਿੱਚ ਇਸ ਵੇਲੇ 37 ਨਿਕਾਸੀ ਹੁਕਮ ਅਤੇ 37 ਨਿਕਾਸੀ ਚੇਤਾਵਨੀਆਂ ਜਾਰੀ ਹਨ, ਜਿਨ੍ਹਾਂ ਦਾ ਅਸਰ ਹਜ਼ਾਰਾਂ ਲੋਕਾਂ ਅਤੇ ਸੰਪਤੀਆਂ 'ਤੇ ਪਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਤੁਰੰਤ ਨਿਕਾਸੀ ਲਈ ਤਿਆਰ ਰਹਿਣ ਅਤੇ ਐਮਰਜੈਂਸੀ ਬੈਗ ਤਿਆਰ ਰੱਖਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਅਤੇ ਮੀਂਹ ਦੀ ਕੋਈ ਸੰਭਾਵਨਾ ਨਾ ਹੋਣ ਕਾਰਨ ਹਾਲਾਤ ਹੋਰ ਵਿਗੜਣ ਦੀ ਚੇਤਾਵਨੀ ਦਿੱਤੀ ਹੈ।
















