ਕੈਨੇਡੀਅਨ ਕ੍ਰਿਪਟੋ ਕੰਪਨੀ ਦੇ ਵਾਲਿਟ ਹੈਕ, 14 ਕਰੋੜ ਡਾਲਰ ਤੋਂ ਵੱਧ ਦੀ ਬਿਟਕੌਇਨ ਚੋਰੀ

ਕੈਨੇਡੀਅਨ ਕ੍ਰਿਪਟੋ ਕੰਪਨੀ ਦੇ ਵਾਲਿਟ ਹੈਕ, 14 ਕਰੋੜ ਡਾਲਰ ਤੋਂ ਵੱਧ ਦੀ ਬਿਟਕੌਇਨ ਚੋਰੀ

ਟੋਰਾਂਟੋ-ਕੈਨੇਡਾ ਦੀ ਕ੍ਰਿਪਟੋ ਸੁਰੱਖਿਆ ਕੰਪਨੀ ਕੌਇਨਕਾਈਟ (Coinkite Inc.) ਦੇ ਹਾਰਡਵੇਅਰ ਬਿਟਕੌਇਨ ਵਾਲਿਟ ਵਿੱਚ ਸਾਹਮਣੇ ਆਈ ਸਾਫਟਵੇਅਰ ਖਾਮੀ ਕਾਰਨ ਹੈਕਰਾਂ ਨੇ 14 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀ ਬਿਟਕੌਇਨ ਚੋਰੀ ਕਰ ਲਈ ਹੈ।ਜਾਣਕਾਰੀ ਮੁਤਾਬਕ, ਮਾਰਚ 2021 ਵਿੱਚ ਜਾਰੀ ਕੀਤੇ ਗਏ ਇੱਕ ਫਰਮਵੇਅਰ ਅਪਡੇਟ ਵਿੱਚ ਰਹਿ ਗਈ ਕੋਡਿੰਗ ਗਲਤੀ ਕਾਰਨ ਵਾਲਿਟ ਦੀ ਸੁਰੱਖਿਆ ਪ੍ਰਭਾਵਿਤ ਹੋਈ। ਗੈਲੈਕਸੀ ਰਿਸਰਚ ਅਨੁਸਾਰ 30 ਜੁਲਾਈ ਨੂੰ ਸਿਰਫ਼ 41 ਮਿੰਟਾਂ ਵਿੱਚ 1,000 ਤੋਂ ਵੱਧ ਵਾਲਿਟ ਐਡਰੈੱਸਾਂ ਵਿੱਚੋਂ 1,000 ਤੋਂ ਵੱਧ ਬਿਟਕੌਇਨ ਚੋਰੀ ਕਰ ਲਏ ਗਏ।

ਬਾਅਦ ਵਿੱਚ ਪ੍ਰਭਾਵਿਤ ਵਾਲਿਟਾਂ ਦੀ ਗਿਣਤੀ 7,300 ਤੋਂ ਵੱਧ ਅਤੇ ਚੋਰੀ ਹੋਏ ਬਿਟਕੌਇਨ 1,500 ਤੋਂ ਵੱਧ ਹੋ ਗਏ। ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਵੱਡੀਆਂ ਅਤੇ 14 ਛੋਟੀਆਂ ਹੈਕਿੰਗ ਘਟਨਾਵਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਕੰਪਨੀ ਦੇ ਸੀਈਓ ਰੋਡੋਲਫੋ ਨੋਵਾਕ ਨੇ ਘਟਨਾ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਕੰਪਨੀ ਇਸ ਸੁਰੱਖਿਆ ਖਾਮੀ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਗਾਹਕਾਂ ਲਈ ਨਵਾਂ ਫਰਮਵੇਅਰ ਜਾਰੀ ਕਰ ਦਿੱਤਾ ਗਿਆ ਹੈ, ਕਮਜ਼ੋਰ ਸਾਫਟਵੇਅਰ ਵਾਲੇ ਡਿਵਾਈਸ ਨਸ਼ਟ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਸਪਲਾਈ ਵੀ ਰੋਕ ਦਿੱਤੀ ਗਈ ਹੈ।

ਕੰਪਨੀ ਨੇ ਗਾਹਕਾਂ ਨੂੰ ਤੁਰੰਤ ਆਪਣੀ ਕ੍ਰਿਪਟੋ ਸੰਪਤੀ ਨੂੰ ਨਵੇਂ ਅਤੇ ਸੁਰੱਖਿਅਤ ਵਾਲਿਟ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।