ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਇਸ ਹਫ਼ਤੇ ਖੁੱਲ੍ਹਣ ਦੀ ਸੰਭਾਵਨਾ
ਓਟਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਦੇ ਜਲਦ ਖੁੱਲ੍ਹਣ ਦੀ ਸੰਭਾਵਨਾ ਦਾ ਸਵਾਗਤ ਕਰਦਿਆਂ ਇਸ ਨੂੰ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਹਿਯੋਗ ਅਤੇ ਆਰਥਿਕ ਭਾਈਵਾਲੀ ਦਾ ਪ੍ਰਤੀਕ ਕਰਾਰ ਦਿੱਤਾ ਹੈ।
ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਪੁਲ ਹਫ਼ਤੇ ਦੇ ਅੰਤ ਤੱਕ ਖੋਲ੍ਹਿਆ ਜਾ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਵਪਾਰਕ ਗਤੀਵਿਧੀਆਂ ਨੂੰ ਵੱਡਾ ਲਾਭ ਮਿਲੇਗਾ।ਸੂਤਰਾਂ ਅਨੁਸਾਰ ਨਵੇਂ ਵਿੰਡਸਰ-ਡਿਟਰੌਇਟ ਸਰਹੱਦੀ ਕ੍ਰਾਸਿੰਗ ਦੇ ਉਦਘਾਟਨ ਲਈ ਸ਼ੁੱਕਰਵਾਰ ਨੂੰ ਰਿਬਨ ਕੱਟਣ ਦਾ ਸਮਾਰੋਹ ਆਯੋਜਿਤ ਕੀਤਾ ਜਾ ਸਕਦਾ ਹੈ, ਜਦਕਿ 15 ਜੂਨ ਤੋਂ ਪੁਲ ਨੂੰ ਆਮ ਆਵਾਜਾਈ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ।
ਲਗਭਗ 6.4 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਉੱਤਰੀ ਅਮਰੀਕਾ ਦੇ ਸਭ ਤੋਂ ਲੰਬੇ ਕੇਬਲ-ਸਟੇਅਡ ਪੁਲਾਂ ਵਿੱਚੋਂ ਇੱਕ ਹੋਵੇਗਾ। ਇਸ ਵਿੱਚ ਕੈਨੇਡਾ ਅਤੇ ਅਮਰੀਕਾ ਵੱਲ ਜਾਣ ਲਈ ਤਿੰਨ-ਤਿੰਨ ਟ੍ਰੈਫਿਕ ਲੇਨਾਂ ਹੋਣਗੀਆਂ, ਜਿਸ ਨਾਲ ਸਰਹੱਦੀ ਆਵਾਜਾਈ ਅਤੇ ਵਪਾਰਕ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।ਪੁਲ ਦਾ ਨਿਰਮਾਣ ਕਾਰਜ 2018 ਵਿੱਚ ਸ਼ੁਰੂ ਹੋਇਆ ਸੀ, ਪਰ ਕੈਨੇਡਾ-ਅਮਰੀਕਾ ਵਪਾਰਕ ਤਣਾਅ ਅਤੇ ਹੋਰ ਪ੍ਰਸ਼ਾਸਨਿਕ ਕਾਰਨਾਂ ਕਰਕੇ ਇਸ ਦੇ ਉਦਘਾਟਨ ਵਿੱਚ ਦੇਰੀ ਹੋ ਗਈ ਸੀ। ਹੁਣ ਦੋਵਾਂ ਦੇਸ਼ਾਂ ਦੇ ਅਧਿਕਾਰੀ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਚਾਲੂ ਕਰਨ ਲਈ ਤਿਆਰ ਨਜ਼ਰ ਆ ਰਹੇ ਹਨ।
ਓਨਟਾਰੀਓ ਦੇ ਪ੍ਰੀਮੀਅਰ Doug Ford ਨੇ ਵੀ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲ ਦੇ ਜਲਦ ਖੁੱਲ੍ਹਣ ਦੀ ਆਸ ਜਤਾਈ। ਉਨ੍ਹਾਂ ਕਿਹਾ ਕਿ ਅਧਿਕਾਰਕ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ, ਪਰ ਪ੍ਰੋਜੈਕਟ ਨੂੰ ਲੈ ਕੇ ਸਕਾਰਾਤਮਕ ਸੰਕੇਤ ਮਿਲ ਰਹੇ ਹਨ।ਗੋਰਡੀ ਹਾਓ ਇੰਟਰਨੈਸ਼ਨਲ ਬ੍ਰਿਜ ਨੂੰ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰ, ਨਿਵੇਸ਼ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾਗਤ ਪ੍ਰੋਜੈਕਟ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਚਾਲੂ ਹੋਣ ਨਾਲ ਉੱਤਰੀ ਅਮਰੀਕਾ ਦੇ ਸਭ ਤੋਂ ਵਿਅਸਤ ਵਪਾਰਕ ਮਾਰਗਾਂ ਵਿੱਚੋਂ ਇੱਕ 'ਤੇ ਆਵਾਜਾਈ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।
















