ਕੈਨੇਡਾ ਦੇ ਖਾਦ ਸਪਲਾਇਰਾਂ ਵੱਲੋਂ ਫਿਊਲ ਸਰਚਾਰਜ ਲਾਗੂ, ਕਰਿਆਨਾ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ
ਕੈਨੇਡਾ-ਕੈਨੇਡਾ ਦੇ ਕਈ ਵੱਡੇ ਖਾਦ ਸਪਲਾਇਰਾਂ ਵੱਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਡਿਲੀਵਰੀ ‘ਤੇ ਅਸਥਾਈ ਫਿਊਲ ਸਰਚਾਰਜ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਰਿਆਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।ਇਹ ਵਾਧਾ ਮੱਧ ਪੂਰਬ ਵਿੱਚ ਹੋ ਰਹੀਆਂ ਘਟਨਾਵਾਂ, ਖ਼ਾਸ ਕਰਕੇ ਹੋਰਮੁਜ਼ ਜਲਡੰਡੀ ਵਿੱਚ ਰੁਕਾਵਟਾਂ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਤੇਜ਼ ਉਛਾਲ ਨਾਲ ਜੋੜਿਆ ਜਾ ਰਿਹਾ ਹੈ।
ਕੈਨੇਡਾ ਦੀ ਪ੍ਰਮੁੱਖ ਕੰਪਨੀ ਮੇਪਲ ਲੀਫ ਫੂਡਜ਼ ਨੇ ਆਪਣੇ ਗਾਹਕਾਂ ਨੂੰ ਭੇਜੇ ਪੱਤਰ ਵਿੱਚ ਦੱਸਿਆ ਕਿ 6 ਅਪ੍ਰੈਲ ਤੋਂ ਤਿਆਰ ਮੀਟ ਅਤੇ ਤਾਜ਼ਾ ਮੁਰਗੇ ਦੇ ਮਾਸ ‘ਤੇ ਪ੍ਰਤੀ ਕਿਲੋ 0.11 ਡਾਲਰ ਦਾ ਅਸਥਾਈ ਫਿਊਲ ਸਰਚਾਰਜ ਲਗਾਇਆ ਜਾਵੇਗਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਸਥਾਈ ਵਾਧਾ ਨਹੀਂ, ਸਗੋਂ ਇੰਧਨ ਦੀਆਂ ਕੀਮਤਾਂ ਨਾਲ ਜੁੜਿਆ ਅਸਥਾਈ ਕਦਮ ਹੈ।
ਇਸੇ ਤਰ੍ਹਾਂ, ਟ੍ਰੀ ਆਫ ਲਾਈਫ ਕੰਪਨੀ ਨੇ 22 ਅਪ੍ਰੈਲ ਤੋਂ ਹਰ ਡਿਲੀਵਰੀ ‘ਤੇ 10 ਡਾਲਰ ਫਿਊਲ ਸਰਚਾਰਜ ਲਗਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲਾਜਿਸਟਿਕਸ ਖਰਚੇ ਵਧਾ ਦਿੱਤੇ ਹਨ। ਜੇ ਡੀਜ਼ਲ ਦੀ ਕੀਮਤ ਮੁੜ 1.20 ਡਾਲਰ ਪ੍ਰਤੀ ਲੀਟਰ ਦੇ ਆਸ-ਪਾਸ ਆ ਗਈ ਤਾਂ ਇਹ ਸਰਚਾਰਜ ਹਟਾਇਆ ਜਾ ਸਕਦਾ ਹੈ।
ਓਂਟਾਰਿਓ ਅਧਾਰਿਤ ਬ੍ਰਾਂਟ ਮੀਟਸ ਕੰਪਨੀ ਨੇ ਵੀ 4 ਮਈ ਤੋਂ ਘੱਟੋ-ਘੱਟ ਆਰਡਰ ਸੀਮਾ 1000 ਡਾਲਰ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਅਨੁਸਾਰ ਵਧ ਰਹੇ ਇੰਧਨ ਅਤੇ ਮਜ਼ਦੂਰੀ ਖਰਚਿਆਂ ਕਾਰਨ ਇਹ ਕਦਮ ਲੈਣਾ ਲਾਜ਼ਮੀ ਹੋ ਗਿਆ ਹੈ।
ਕਨਜ਼ਰਵੇਟਿਵ ਸੰਸਦ ਮੈਂਬਰ ਸੈਂਡਰਾ ਕੋਬੀਨਾ ਨੇ ਕਿਹਾ ਕਿ ਫਿਊਲ ਸਰਚਾਰਜ ਨਾਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਟੈਕਸ ਰਾਹਤ ਦਾ ਅਸਰ ਖਤਮ ਹੋ ਜਾਵੇਗਾ।ਦੂਜੇ ਪਾਸੇ, ਐਨਡੀਪੀ ਦੇ ਸੰਸਦ ਮੈਂਬਰ ਗੋਰਡ ਜੌਨਜ਼ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ‘ਤੇ ਹੋਰ ਵਿੱਤੀ ਬੋਝ ਪਵੇਗਾ ਅਤੇ ਛੋਟੇ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
















