11 ਅਪ੍ਰੈਲ ਨੂੰ ਵੈਨਕੂਵਰ 'ਚ ਮਾਨ ਦੇ 'ਟਰਾਂਸ ਨੈਸ਼ਨਲ ਕਲਚਰਲ ਰਿਪਰੈਸ਼ਨ' ਅਜੰਡੇ ਦਾ ਹੋਵੇਗਾ ਵਿਰੋਧ
ਕੈਲਗਰੀ : ਕੈਨੇਡਾ ਦੀ ਧਰਤੀ 'ਤੇ ਸੱਤ ਸਾਲ ਪਹਿਲਾਂ 'ਇੱਕ ਰਾਸ਼ਟਰ ਇੱਕ ਭਾਸ਼ਾ' ਦੇ ਬਿਆਨ ਅਤੇ 'ਅਪਮਾਨਜਨਕ ਟਿੱਪਣੀਆਂ' ਕਾਰਨ ਪੈਦਾ ਹੋਏ ਵਿਵਾਦ ਮਗਰੋਂ, ਹਾਲ ਹੀ ਵਿੱਚ ਗਾਇਕ ਗੁਰਦਾਸ ਮਾਨ ਦੇ ਕੈਲਗਰੀ ਤੇ ਐਡਮਿੰਟਨ ਵਿਚਲੇ ਸ਼ੋਆਂ ਖਿਲਾਫ ਪੰਜਾਬੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਓਂਟਾਰੀਓ ਤੱਕ ਦੀਆਂ ਪੰਜਾਬੀ ਅਤੇ ਸਿੱਖ ਸੰਸਥਾਵਾਂ ਵੱਲੋਂ ਗੁਰਦਾਸ ਮਾਨ ਦੇ ਸ਼ੋਅ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਗੁਰਦਾਸ ਮਾਨ ਵੱਲੋਂ ਸਟੇਜ 'ਤੇ ਪੰਜਾਬੀਆਂ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਤੋਂ ਇਲਾਵਾ ਟਰਾਂਸ ਨੈਸ਼ਨਲ ਕਲਚਰਲ ਤਸ਼ਦਦ ਦੇ ਏਜੰਡੇ ਵਿਰੁੱਧ ਤੇ ਪੰਜਾਬੀ ਭਾਸ਼ਾ ਨੂੰ ਹਾਸ਼ੀਏ 'ਤੇ ਧੱਕਣ ਕਾਰਨ, ਕੈਨੇਡਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ 'ਚ ਸ਼ੋਆਂ ਦਾ ਸਖਤ ਵਿਰੋਧ ਕੀਤਾ ਗਿਆ।
ਇਸ ਦੌਰਾਨ ਵੈਨਕੂਵਰ 'ਚ 11 ਅਪ੍ਰੈਲ ਨੂੰ ਪੀਐਨਈ ਕੋਲਸੀਅਮ 'ਚ ਹੋ ਰਹੇ ਗੁਰਦਾਸ ਮਾਨ ਦੇ ਸ਼ੋ ਖਿਲਾਫ, ਵੱਡੇ ਰੋਸ ਮੁਜ਼ਾਹਰੇ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿੱਚ ਸਰੀ, ਵੈਨਕੂਵਰ, ਐਬਸਫੋਰਡ ਸਮੇਤ ਬੀਸੀ ਦੇ ਵੱਖ ਵੱਖ ਹਿੱਸਿਆਂ ਚੋਂ ਪੰਜਾਬੀ, ਗੁਰਦਾਸ ਮਾਨ ਖਿਲਾਫ ਰੋਸ ਵਿਖਾਵੇ ਵਿੱਚ ਸ਼ਾਮਿਲ ਹੋਣਗੇ।