ਅਲਬਰਟਾ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਰੋਕਣ ਲਈ ਪਟੀਸ਼ਨ ਨਾਕਾਮ

ਅਲਬਰਟਾ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਰੋਕਣ ਲਈ ਪਟੀਸ਼ਨ ਨਾਕਾਮ

ਕੈਲਗਰੀ-ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਫੰਡਿੰਗ ਵਿੱਚ ਕਟੌਤੀ ਕਰਨ ਲਈ ਚਲਾਈ ਗਈ ਪਟੀਸ਼ਨ ਮੁਹਿੰਮ ਅਸਫਲ ਰਹੀ ਹੈ। ਮੁੱਖ ਚੋਣ ਅਧਿਕਾਰੀ ਗੋਰਡਨ ਮੈਕਕਲੂਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ਼ੁਰੂਆਤੀ ਗਿਣਤੀ ਦਿਖਾਉਂਦੀ ਹੈ ਕਿ 120 ਦਿਨਾਂ ਦੇ ਅੰਦਰ ਲੋੜੀਂਦੀ ਕਰੀਬ 1,77,000 ਦਸਤਖਤਾਂ ਦੀ ਸੀਮਾ ਪੂਰੀ ਨਹੀਂ ਹੋ ਸਕੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਲੀਸੀਆ ਟੇਲਰ ਵੱਲੋਂ ਅੱਗੇ ਲਿਆਂਦੀ ਗਈ ਪਟੀਸ਼ਨ ‘ਤੇ ਲਗਭਗ 1,24,000 ਤੋਂ ਥੋੜ੍ਹੇ ਜਿਹੇ ਵੱਧ ਲੋਕਾਂ ਨੇ ਦਸਤਖਤ ਕੀਤੇ। ਪਟੀਸ਼ਨ ਵਿੱਚ ਪੁੱਛਿਆ ਗਿਆ ਸੀ ਕਿ ਕੀ ਅਲਬਰਟਾ ਸਰਕਾਰ ਨੂੰ ਮਾਨਤਾ ਪ੍ਰਾਪਤ ਸੁਤੰਤਰ (ਨਿੱਜੀ) ਸਕੂਲਾਂ ਨੂੰ ਜਨਤਕ ਫੰਡ ਮੁਹੱਈਆ ਕਰਵਾਉਣ ਦੀ ਆਪਣੀ ਮੌਜੂਦਾ ਨੀਤੀ ਖਤਮ ਕਰ ਦੇਣੀ ਚਾਹੀਦੀ ਹੈ।ਇਸ ਮਾਮਲੇ ‘ਤੇ ਸਿੱਖਿਆ ਮੰਤਰੀ ਡੇਮੇਟ੍ਰੀਓਸ ਨਿਕੋਲਾਈਡਜ਼ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਦਾ ਸਮਰਥਨ ਕਰਦੀ ਹੈ ਅਤੇ ਫੰਡਿੰਗ ਵਿੱਚ ਕਟੌਤੀ ਕਰਨ ਨਾਲ ਸਿੱਖਿਆ ਪ੍ਰਣਾਲੀ ‘ਤੇ ਵਾਧੂ ਦਬਾਅ ਪੈ ਸਕਦਾ ਹੈ।

ਦੂਜੇ ਪਾਸੇ, ਟੇਲਰ ਨੇ ਆਪਣੀ ਅਰਜ਼ੀ ਵਿੱਚ ਦਲੀਲ ਦਿੱਤੀ ਕਿ ਪ੍ਰਾਈਵੇਟ ਸਕੂਲਾਂ ਲਈ ਰੱਖੇ ਗਏ ਫੰਡ ਜੇ ਜਨਤਕ ਸਕੂਲ ਪ੍ਰਣਾਲੀ ਵੱਲ ਮੋੜੇ ਜਾਣ ਤਾਂ ਕਈ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ।