ਕੈਲਗਰੀ ਵਾਸੀਆਂ ’ਤੇ ਵਧ ਸਕਦਾ ਹੈ ਪ੍ਰਾਪਰਟੀ ਟੈਕਸ ਦਾ ਬੋਝ
ਅਗਲੇ ਚਾਰ ਸਾਲਾਂ ਦੇ ਬਜਟ ਲਈ ਸਿਟੀ ਕੌਂਸਲ ਵੱਲੋਂ ਵਿਚਾਰ-ਵਟਾਂਦਰਾ; ਟੈਕਸ ਵਾਧੇ ਦੀ ਰਕਮ ਅਜੇ ਤੈਅ ਨਹੀਂ
ਕੈਲਗਰੀ-ਕੈਲਗਰੀ ਸਿਟੀ ਕੌਂਸਲ ਵੱਲੋਂ ਅਗਲੇ ਚਾਰ ਸਾਲਾਂ ਦੇ ਬਜਟ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਸ਼ਹਿਰ ਵਾਸੀਆਂ ਲਈ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੇ ਸੰਕੇਤ ਮਿਲ ਰਹੇ ਹਨ। ਹਾਲਾਂਕਿ ਟੈਕਸ ਕਿੰਨਾ ਵਧੇਗਾ, ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ।ਇਸ ਹਫ਼ਤੇ ਸਿਟੀ ਕੌਂਸਲ ਦੀ ਗੁਪਤ ਮੀਟਿੰਗ ਦੌਰਾਨ ਬਜਟ ਸਬੰਧੀ ਕਈ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ। ਇਸ ਤੋਂ ਬਾਅਦ ਕੌਂਸਲ ਨੇ 8-7 ਦੇ ਫਰਕ ਨਾਲ ਪ੍ਰਸ਼ਾਸਨ ਨੂੰ 2027 ਵਿੱਚ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਧਾਉਣ ਨੂੰ ਯੋਜਨਾਬੰਦੀ ਦੇ ਆਧਾਰ ਵਜੋਂ ਵਰਤਣ ਲਈ ਕਿਹਾ। ਇਸ ਦਾ ਮਕਸਦ 2027-30 ਦੇ ਬਜਟ ਚੱਕਰ ਵਿੱਚ ਖਰਚਿਆਂ ਦੀਆਂ ਮੰਗਾਂ ਨੂੰ ਹੋਰ ਤਰਜੀਹ ਦੇਣਾ ਅਤੇ ਲੋੜ ਅਨੁਸਾਰ ਤੈਅ ਕਰਨਾ ਹੈ।
ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਅਗਲੇ ਸਾਲ ਪ੍ਰਾਪਰਟੀ ਟੈਕਸ ਬਿੱਲਾਂ ਵਿੱਚ ਕਿਸੇ ਪੱਧਰ ’ਤੇ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਕੌਂਸਲਾਂ ਨੇ ਜ਼ਰੂਰੀ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਲਈ ਲੋੜੀਂਦੇ ਖਰਚੇ ਦਾ ਅੰਦਾਜ਼ਾ ਘੱਟ ਲਗਾਇਆ ਸੀ, ਜਿਸ ਕਾਰਨ ਹੁਣ ਸ਼ਹਿਰ ਨੂੰ ਪੁਰਾਣੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਨਿਵੇਸ਼ ਕਰਨਾ ਪੈ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਟੈਕਸ ਵਾਧੇ ਦੀ ਕੋਈ ਖਾਸ ਦਰ ਦੱਸਣ ਤੋਂ ਇਨਕਾਰ ਕੀਤਾ।
ਵਾਰਡ 13 ਦੇ ਕੌਂਸਲਰ ਡੈਨ ਮੈਕਲੀਨ ਨੇ ਕਿਹਾ ਕਿ ਜੇਕਰ ਮੌਜੂਦਾ ਅੰਦਾਜ਼ੇ ਅਨੁਸਾਰ ਟੈਕਸ ਦਰ ਵਧਦੀ ਹੈ ਤਾਂ ਇਹ ਕੈਲਗਰੀ ਵਾਸੀਆਂ ਲਈ ਕਬੂਲਯੋਗ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਬਜਟ ਦੇ ਹਰ ਖਰਚੇ ਦੀ ਲਾਈਨ-ਦਰ-ਲਾਈਨ ਸਮੀਖਿਆ ਕਰਨੀ ਚਾਹੀਦੀ ਹੈ।ਇਸ ਦੇ ਨਾਲ ਹੀ ਕਈ ਸਰਕਾਰੀ ਵਿਭਾਗਾਂ ਵੱਲੋਂ ਅਗਲੇ ਸਾਲ ਵਧੇਰੇ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ। ਕੈਲਗੈਰੀ ਪੁਲਿਸ ਸਰਵਿਸ ਨੇ ਅਗਲੇ ਚਾਰ ਸਾਲਾਂ ਵਿੱਚ 660 ਨਵੇਂ ਪੁਲਿਸ ਅਧਿਕਾਰੀ ਭਰਤੀ ਕਰਨ ਲਈ ਵੱਡੇ ਬਜਟ ਵਾਧੇ ਦੀ ਲੋੜ ਦੱਸੀ ਹੈ। ਕੈਲਗੈਰੀ ਫਾਇਰ ਵਿਭਾਗ ਅਤੇ ਕੈਲਗੈਰੀ ਟ੍ਰਾਂਜ਼ਿਟ ਵੱਲੋਂ ਵੀ ਖਰਚੇ ਵਧਾਉਣ ਦੀ ਲੋੜ ਦਰਸਾਈ ਗਈ ਹੈ।
ਬਜਟ ਵਿੱਚ ਸ਼ਹਿਰ ਦੀ GamePLAN ਯੋਜਨਾ ਤਹਿਤ ਤਰਜੀਹੀ ਮਨੋਰੰਜਨ ਪ੍ਰਾਜੈਕਟਾਂ ਲਈ 69.1 ਕਰੋੜ ਡਾਲਰ ਦੀ ਰਕਮ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪਾਰਕਾਂ ਲਈ ਵਾਧੂ ਫੰਡਿੰਗ ਅਤੇ ਪੁਰਾਣੇ ਹੋ ਰਹੇ ਖੇਡ ਮੈਦਾਨਾਂ ਨੂੰ ਸੁਧਾਰਨ ਲਈ 19 ਕਰੋੜ ਡਾਲਰ ਖਰਚਣ ਦੀ ਵੀ ਚਰਚਾ ਹੋਈ ਹੈ।ਇਸੇ ਦੌਰਾਨ ਵਰਕਲੰਡ ਸੈਂਟਰ ਦੇ ਆਧੁਨਿਕੀਕਰਨ ਲਈ ਸਿਟੀ ਵੱਲੋਂ ਦਿੱਤੀ ਜਾਣ ਵਾਲੀ ਰਕਮ 6.3 ਕਰੋੜ ਤੋਂ ਵਧਾ ਕੇ 12.5 ਕਰੋੜ ਡਾਲਰ ਕਰਨ ਦੀ ਲੋੜ ਸਾਹਮਣੇ ਆਈ ਹੈ।
ਵਾਰਡ 10 ਦੇ ਕੌਂਸਲਰ ਆਂਦਰੇ ਸ਼ਾਬੋ ਨੇ ਕਿਹਾ ਕਿ ਕੌਂਸਲ ਵੱਲੋਂ ਕਈ ਖੇਤਰਾਂ ਵਿੱਚ ਇੱਕੋ ਸਮੇਂ ਖਰਚੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੁਨਿਆਦੀ ਢਾਂਚੇ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੁਝ ਗੈਰ-ਜ਼ਰੂਰੀ ਪ੍ਰਾਜੈਕਟਾਂ ਨੂੰ ਪਿੱਛੇ ਰੱਖਣਾ ਪਵੇਗਾ।ਸਿਟੀ ਪ੍ਰਸ਼ਾਸਨ ਅਨੁਸਾਰ ਕੈਲਗੈਰੀ ਨੂੰ ਵਧ ਰਹੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਗਲੇ 10 ਸਾਲਾਂ ਵਿੱਚ ਲਗਭਗ 49 ਅਰਬ ਡਾਲਰ ਖਰਚ ਕਰਨ ਦੀ ਲੋੜ ਪੈ ਸਕਦੀ ਹੈ। ਇਸ ਵਿੱਚ ਸੜਕਾਂ, ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਢਾਂਚੇ ਦੀਆਂ ਲੋੜਾਂ ਸ਼ਾਮਲ ਹਨ।
ਮੇਅਰ ਫਾਰਕਸ ਨੇ ਕਿਹਾ ਕਿ ਸ਼ਹਿਰ ਦੇ ਨਾਜ਼ੁਕ ਬੁਨਿਆਦੀ ਢਾਂਚੇ ਲਈ ਵੱਡੇ ਪੱਧਰ ’ਤੇ ਨਿਵੇਸ਼ ਦੀ ਲੋੜ ਹੈ ਅਤੇ ਇਸ ਲਈ ਅਲਬਰਟਾ ਤੇ ਕੈਨੇਡਾ ਸਰਕਾਰਾਂ ਤੋਂ ਵੀ ਮਹੱਤਵਪੂਰਨ ਸਹਿਯੋਗ ਲੈਣਾ ਪਵੇਗਾ।ਕੈਲਗੈਰੀ ਦੇ ਅਗਲੇ ਚਾਰ ਸਾਲਾਂ ਦੇ ਬਜਟ ਦਾ ਮਸੌਦਾ ਪਤਝੜ ਵਿੱਚ ਜਨਤਕ ਕੀਤੇ ਜਾਣ ਦੀ ਉਮੀਦ ਹੈ, ਜਦਕਿ ਸਿਟੀ ਕੌਂਸਲ ਵੱਲੋਂ ਇਸ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਨਵੰਬਰ ਵਿੱਚ ਸ਼ੁਰੂ ਕੀਤਾ ਜਾਵੇਗਾ।
















