ਅਲਬਰਟਾ ਵਿੱਚ ਸਕਾਲਰਸ਼ਿਪ ਤੇ ਬਰਸਰੀਆਂ ਲਈ ਅਰਜ਼ੀਆਂ 4 ਅਗਸਤ ਤੋਂ

ਅਲਬਰਟਾ ਵਿੱਚ ਸਕਾਲਰਸ਼ਿਪ ਤੇ ਬਰਸਰੀਆਂ ਲਈ ਅਰਜ਼ੀਆਂ 4 ਅਗਸਤ ਤੋਂ

ਅਲਬਰਟਾ: ਅਲਬਰਟਾ ਵਿੱਚ 2026-27 ਦੇ ਅਕਾਦਮਿਕ ਸਾਲ ਲਈ ਵਿਦਿਆਰਥੀਆਂ ਨੂੰ 10.7 ਕਰੋੜ ਡਾਲਰ ਤੋਂ ਵੱਧ ਦੀਆਂ ਸਕਾਲਰਸ਼ਿਪਾਂ, ਐਵਾਰਡ ਅਤੇ ਬਰਸਰੀਆਂ ਉਪਲਬਧ ਹੋਣਗੀਆਂ। ਇਨ੍ਹਾਂ ਲਈ ਅਰਜ਼ੀਆਂ 4 ਅਗਸਤ ਤੋਂ ਅਲਬਰਟਾ ਸਟੂਡੈਂਟ ਏਡ ਰਾਹੀਂ ਆਨਲਾਈਨ ਸ਼ੁਰੂ ਹੋਣਗੀਆਂ। ਇਸ ਗੈਰ-ਵਾਪਸੀਯੋਗ ਵਿੱਤੀ ਸਹਾਇਤਾ ਰਾਹੀਂ ਕਰੀਬ 50,400 ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਹ ਘੱਟ ਕਰਜ਼ੇ ਨਾਲ ਆਪਣੀ ਪੋਸਟ-ਸੈਕੰਡਰੀ ਸਿੱਖਿਆ ਪੂਰੀ ਕਰ ਸਕਣਗੇ।ਇਸ ਸਾਲ ਵਿਦਿਆਰਥੀਆਂ ਲਈ ਕੁੱਲ 1 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਉਪਲਬਧ ਹੈ। ਇਸ ਵਿੱਚ ਸਕਾਲਰਸ਼ਿਪਾਂ, ਬਰਸਰੀਆਂ, ਗ੍ਰਾਂਟਾਂ ਅਤੇ ਐਵਾਰਡ ਸ਼ਾਮਲ ਹਨ, ਜਿਨ੍ਹਾਂ ਦੀ ਰਕਮ ਵਾਪਸ ਨਹੀਂ ਕਰਨੀ ਪੈਂਦੀ। ਹਾਲਾਂਕਿ ਵਿਦਿਆਰਥੀ ਕਰਜ਼ੇ ਦੀ ਰਕਮ ਵਾਪਸ ਕਰਨੀ ਲਾਜ਼ਮੀ ਹੁੰਦੀ ਹੈ।

ਘੱਟ ਆਮਦਨ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਨਿਊ ਬਿਗਿਨਿੰਗਜ਼ ਬਰਸਰੀ ਦਾ ਦਾਇਰਾ ਵੀ ਵਧਾਇਆ ਗਿਆ ਹੈ। 2025-26 ਵਿੱਚ ਇਸ ਬਰਸਰੀ ਰਾਹੀਂ 1,000 ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਗਈ ਸੀ, ਜਦਕਿ 2026-27 ਵਿੱਚ 2,400 ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਬਰਸਰੀ ਲਈ ਫੰਡਿੰਗ ਵਿੱਚ 70 ਲੱਖ ਡਾਲਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕੁੱਲ ਫੰਡਿੰਗ 1.2 ਕਰੋੜ ਡਾਲਰ ਹੋ ਗਈ ਹੈ।

ਅਲਬਰਟਾ ਦੇ ਐਡਵਾਂਸਡ ਐਜੂਕੇਸ਼ਨ ਮੰਤਰੀ ਮਾਈਲਜ਼ ਮੈਕਡੂਗਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਕੀਤਾ ਨਿਵੇਸ਼ ਅਲਬਰਟਾ ਦੇ ਭਵਿੱਖ ਵਿੱਚ ਕੀਤਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪਾਂ, ਐਵਾਰਡ ਅਤੇ ਬਰਸਰੀਆਂ ਵਿਦਿਆਰਥੀਆਂ ਲਈ ਵਿੱਤੀ ਰੁਕਾਵਟਾਂ ਘਟਾਉਣ ਦੇ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਲੋੜੀਂਦੀ ਸਿੱਖਿਆ ਤੇ ਸਿਖਲਾਈ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ।

ਇਸ ਸਾਲ 20 ਸਕਾਲਰਸ਼ਿਪਾਂ ਅਤੇ ਐਵਾਰਡਾਂ ਲਈ ਅਰਜ਼ੀ ਪ੍ਰਕਿਰਿਆ ਆਨਲਾਈਨ ਕੀਤੀ ਜਾ ਰਹੀ ਹੈ। ਵਿਦਿਆਰਥੀ 4 ਅਗਸਤ ਤੋਂ ਅਲਬਰਟਾ ਸਟੂਡੈਂਟ ਏਡ ਦੇ ਆਨਲਾਈਨ ਪੋਰਟਲ ’ਤੇ ਉਪਲਬਧ ਸਹਾਇਤਾ ਦੀ ਜਾਣਕਾਰੀ ਦੇਖ ਕੇ ਆਪਣੀ ਸਿੱਖਿਆ ਅਤੇ ਕਰੀਅਰ ਦੇ ਟੀਚਿਆਂ ਅਨੁਸਾਰ ਅਰਜ਼ੀ ਦੇ ਸਕਣਗੇ।ਅਲਬਰਟਾ ਦੀਆਂ ਹਰਿਟੇਜ ਸਕਾਲਰਸ਼ਿਪਾਂ ਵੀ ਵਿਦਿਆਰਥੀਆਂ ਨੂੰ ਗੈਰ-ਵਾਪਸੀਯੋਗ ਵਿੱਤੀ ਸਹਾਇਤਾ ਦਿੰਦੀਆਂ ਹਨ। 2025-26 ਵਿੱਚ ਹਰਿਟੇਜ ਸਕਾਲਰਸ਼ਿਪਾਂ ਵਿੱਚੋਂ ਇੱਕ ਅਲੈਕਜ਼ੈਂਡਰ ਰਦਰਫੋਰਡ ਸਕਾਲਰਸ਼ਿਪ ਰਾਹੀਂ 24,000 ਤੋਂ ਵੱਧ ਵਿਦਿਆਰਥੀਆਂ ਨੂੰ ਲਗਭਗ 5 ਕਰੋੜ ਡਾਲਰ ਦੀ ਸਹਾਇਤਾ ਮਿਲੀ ਸੀ। ਇਹ ਸਕਾਲਰਸ਼ਿਪ ਹਾਈ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਮਾਨਤਾ ਦਿੰਦੀ ਹੈ।ਇਸ ਤੋਂ ਇਲਾਵਾ ਲੋਨ ਅਤੇ ਗ੍ਰਾਂਟ ਲਈ ਅਰਜ਼ੀਆਂ 3 ਜੂਨ ਤੋਂ ਖੁੱਲ੍ਹੀਆਂ ਹੋਈਆਂ ਹਨ। ਜਿਹੜੇ ਵਿਦਿਆਰਥੀ ਇਨ੍ਹਾਂ ਵੱਖਰੀਆਂ ਸਹੂਲਤਾਂ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਘੱਟੋ-ਘੱਟ 60 ਦਿਨ ਪਹਿਲਾਂ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਹੈ।

ਸਰਕਾਰ ਮੁਤਾਬਕ ਇਨ੍ਹਾਂ ਵਿੱਤੀ ਸਹਾਇਤਾ ਯੋਜਨਾਵਾਂ ਦਾ ਉਦੇਸ਼ ਵਿਦਿਆਰਥੀਆਂ ’ਤੇ ਪੜ੍ਹਾਈ ਦਾ ਵਿੱਤੀ ਬੋਝ ਘਟਾਉਣਾ, ਉਨ੍ਹਾਂ ਨੂੰ ਉੱਚ ਮੰਗ ਵਾਲੇ ਖੇਤਰਾਂ ਵਿੱਚ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਅਲਬਰਟਾ ਲਈ ਹੁਨਰਮੰਦ ਕਾਮਿਆਂ ਦੀ ਨਵੀਂ ਪੀੜ੍ਹੀ ਤਿਆਰ ਕਰਨਾ ਹੈ।