ਵੈਨਕੂਵਰ ਦੇ ਸਮੁੰਦਰੀ ਤੱਟ ਦੇ ਇਤਿਹਾਸਿਕ ਸਥਾਨ 'ਤੇ 23 ਮਈ ਨੂੰ ਹੋਵੇਗਾ ਸਮਾਗਮ
ਸਰੀ : ਕੈਨੇਡਾ ਦੇ ਪੁਰਾਤਨ ਇਤਿਹਾਸ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਹੋਈਆਂ ਨਸਲਵਾਦੀ ਵਧੀਕੀਆਂ ਦੇ ਮੱਦੇ ਨਜ਼ਰ ਸਿਟੀ ਆਫ ਵੈਨਕੂਵਰ ਵੱਲੋਂ 'ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ' ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ 23 ਮਈ 1914 ਨੂੰ ਗੁਰੂ ਨਾਨਕ ਜਹਾਜ਼ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਪਹੁੰਚਿਆ ਸੀ ਅਤੇ ਦੋ ਮਹੀਨੇ ਨਸਲੀ ਜਬਰ ਮਗਰੋਂ, ਜਹਾਜ਼ ਨੂੰ ਨਸਲਵਾਦੀ ਸਰਕਾਰ ਵੱਲੋਂ ਕੈਨੇਡਾ ਦੀ ਧਰਤੀ ਤੋਂ ਅਣਮਨੁੱਖੀ ਤਸ਼ੱਦਦ ਕਰਦਿਆਂ ਵਾਪਸ ਮੋੜ ਦਿੱਤਾ ਗਿਆ ਸੀ। ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇ-ਗੰਢ 'ਤੇ ਸਿਟੀ ਆਫ ਵੈਨਕੂਵਰ ਨੇ 23 ਜੁਲਾਈ ਦੇ ਦਿਹਾੜੇ ਨੂੰ 'ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ' (ਯਾਦਗਾਰੀ ਦਿਹਾੜਾ') ਘੋਸ਼ਤ ਕੀਤਾ ਹੈ। ਮੇਅਰ ਕੈਨ ਸਿੰਮ ਵੱਲੋਂ ਇਹ ਪ੍ਰੋਕਲੇਮੇਸ਼ਨ ਕੌਂਸਲ ਦੀ ਮੀਟਿੰਗ ਵਿੱਚ ਰੱਖਿਆ ਗਿਆ, ਜਿਸ ਨੂੰ ਕੌਂਸਲਰਾਂ ਰਿਬੇਕਾ ਬਲਾਈ, ਲੀਸਾ ਡੋਮੀਨਾਟੋ, ਪੀਟ ਫ੍ਰਾਈ, ਸਾਰਾ ਕਰਬੀ-ਯੰਗ, ਮਾਈਕ ਕਲਾਸਨ, ਲੂਸੀ ਮਲੋਨੀ, ਪੀਟਰ ਮਾਈਜ਼ਨਰ, ਬ੍ਰਾਇਨ ਮੌਂਟੇਗਿਊ, ਸ਼ੌਨ ਔਰ, ਲੇਨੀ ਝੋਉ ਤੇ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੋਂ ਜਸਪ੍ਰੀਤ ਸਿੰਘ ਵਿਰਦੀ ਨੇ ਪੜਿਆ। ਮੇਅਰ ਕੈਨ ਸਿੰਮ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਦਾ ਐਲਾਨਨਾਮਾ ਵਿਸ਼ੇਸ਼ ਹੈ, ਜਿਸ ਕਰਕੇ ਕੌਂਸਲ ਦੀ ਕਾਰਵਾਈ ਦੌਰਾਨ ਮੁਕੰਮਲ ਪੜਿਆ ਗਿਆ ਹੈ।
ਇਸ ਮੌਕੇ 'ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ "ਗੁਰੂ ਨਾਨਕ ਜਹਾਜ਼ : ਸਮਕਾਲੀ ਬਿਰਤਾਂਤ" ਕਿਤਾਬ ਮੇਅਰ ਅਤੇ ਕੌਂਸਲ ਨੂੰ ਭੇਟ ਕੀਤੀ ਅਤੇ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ਦੇ ਉਪਰਾਲੇ ਲਈ ਧੰਨਵਾਦ ਕੀਤਾ। ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪਰਿਵਾਰਾਂ 'ਚੋਂ ਰਾਜ ਸਿੰਘ ਤੂਰ ਨੇ ਵੈਨਕੂਵਰ ਸਿਟੀ ਵੱਲੋਂ ਐਲਾਨਨਾਮੇ ਅਤੇ ਮੈਮੋਰੀਅਲ ਦੇ ਨਵ ਨਿਰਮਤ 'ਗੁਰੂ ਨਾਨਕ ਜਹਾਜ਼' ਸਾਈਨੇਜ ਲਈ ਸ਼ੁਕਰੀਆ ਅਦਾ ਕੀਤਾ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਰਾਜ ਸਿੰਘ ਭੰਡਾਲ ਨੇ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ ਵੈਨਕੂਵਰ ਸ਼ਹਿਰ ਵੱਲੋਂ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਦਾ ਉਪਰਾਲਾ ਮੀਲ ਪੱਥਰ ਹੈ, ਜੋ ਕਿ ਕੈਨੇਡਾ ਦੀ ਫੈਡਰਲ ਮਾਫ਼ੀ ਲਈ ਮਾਰਕ ਦਰਸ਼ਕ ਸਾਬਤ ਹੋਵੇਗਾ।
ਇਸ ਮੌਕੇ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ, ਵੈਨਕੂਵਰ ਦੇ ਪ੍ਰਬੰਧਕ ਕਸ਼ਮੀਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਭੱਟੀ, ਸਨਮੁਖ ਸਿੰਘ ਉਪਲ, ਸਿੱਖ ਹੈਰੀਟੇਜ ਵੈਨਕੂਵਰ ਦੇ ਤਾਜ ਸਿੰਘ, ਜੁਗਰਾਜ ਸਿੰਘ ਅਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਤੋਂ ਤਜਿੰਦਰਪਾਲ ਸਿੰਘ ਸਮੇਤ ਵੈਨਕੂਵਰ ਸਿਟੀ ਤੋਂ ਸਹਿਯੋਗੀ ਸ਼ਖਸੀਅਤਾਂ ਆਰੀ ਭੁੱਲਰ, ਪਾਰਕਸ ਬੋਰਡ ਤੋਂ ਅਣਥੱਕ ਸਾਥ ਦੇਣ ਵਾਲੇ ਜਸਪ੍ਰੀਤ ਸਿੰਘ ਵਿਰਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅਹਿਮ ਗੱਲ ਇਹ ਹੈ ਕਿ ਜਿਸ ਜਗ੍ਹਾ ਤੋਂ ਨਸਲੀ ਜਬਰ ਨਾਲ 112 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ ਸੀ, 23 ਮਈ, ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਉਸੇ ਜਗ੍ਹਾ, ਹਰਬਰ ਗਰੀਨ ਪਾਰਕ ਸਮੁੰਦਰੀ ਤੱਟ 'ਤੇ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਵਿਖੇ, ਬੀਸੀ ਖਾਲਸਾ ਦਰਬਾਰ, ਵੈਨਕੂਵਰ, ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਦੇ ਸਹਿਯੋਗ ਨਾਲ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵਲੋਂ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ, ਹਰ ਵਰ੍ਹੇ ਵਾਂਗ ਸਮਾਗਮ ਕਰਵਾਇਆ ਜਾ ਰਿਹਾ ਹੈ।