ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਸ਼ਹਿਰ ਨੇ ਸਮਾਂ ਬਦਲਣ ਦਾ ਫੈਸਲਾ ਪਲਟਿਆ, ਸਾਲ ਭਰ ਮਾਊਂਟੇਨ ਡੇਲਾਈਟ ਟਾਈਮ ਰਹੇਗਾ
Golden, B.C., council has reversed its earlier decision to adopt permanent Mountain Standard Time and will instead remain on Mountain Daylight Time year-round, keeping its clocks aligned with Alberta and nearby Columbia Valley communities.
ਗੋਲਡਨ, ਬੀ.ਸੀ.-ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਸ਼ਹਿਰ ਦੀ ਕੌਂਸਲ ਨੇ ਸਮੇਂ ਸਬੰਧੀ ਆਪਣੇ ਪਹਿਲਾਂ ਲਏ ਫੈਸਲੇ ਨੂੰ ਪਲਟਦਿਆਂ ਸਾਲ ਭਰ ਮਾਊਂਟੇਨ ਡੇਲਾਈਟ ਟਾਈਮ (ਐੱਮ.ਡੀ.ਟੀ.) ਲਾਗੂ ਰੱਖਣ ਦਾ ਫੈਸਲਾ ਕੀਤਾ ਹੈ। ਕੌਂਸਲ ਨੇ ਸਰਬਸੰਮਤੀ ਨਾਲ ਸਥਾਈ ਮਾਊਂਟੇਨ ਸਟੈਂਡਰਡ ਟਾਈਮ (ਯੂਟੀਸੀ-07:00) ਅਪਣਾਉਣ ਦੀ ਪਹਿਲੀ ਯੋਜਨਾ ਰੱਦ ਕਰ ਦਿੱਤੀ।ਨਵੇਂ ਫੈਸਲੇ ਤਹਿਤ ਗੋਲਡਨ ਵਿੱਚ ਸਾਲ ਭਰ ਮਾਊਂਟੇਨ ਡੇਲਾਈਟ ਟਾਈਮ (ਯੂਟੀਸੀ-06:00) ਰਹੇਗਾ। ਇਸ ਨਾਲ ਸ਼ਹਿਰ ਦੇ ਸਮੇਂ ਨੂੰ ਅਲਬਰਟਾ ਅਤੇ ਨੇੜਲੇ ਕੋਲੰਬੀਆ ਵੈਲੀ ਦੇ ਨਗਰਾਂ ਨਾਲ ਇਕਸਾਰ ਰੱਖਿਆ ਜਾਵੇਗਾ। ਗੋਲਡਨ ਕੈਲਗਰੀ ਤੋਂ ਲਗਭਗ 260 ਕਿਲੋਮੀਟਰ ਪੱਛਮ ਵੱਲ ਸਥਿਤ ਹੈ।
ਕੌਂਸਲਰ ਵੇਸ ਰਾਊਟਲੀ ਵੱਲੋਂ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਮਤਾ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਰਵਾਈ ਗਈ ਜਨਤਕ ਰਾਏ ਪ੍ਰਕਿਰਿਆ ਵਿੱਚ ਕਮੀਆਂ ਰਹਿ ਗਈਆਂ ਸਨ। ਖੇਤਰੀ ਸਰਵੇਖਣ ਵਿੱਚ ਲੋਕਾਂ ਤੋਂ ਡੇਲਾਈਟ ਜਾਂ ਸਟੈਂਡਰਡ ਟਾਈਮ ਵਿੱਚੋਂ ਚੋਣ ਤਾਂ ਪੁੱਛੀ ਗਈ, ਪਰ ਇਹ ਨਹੀਂ ਪੁੱਛਿਆ ਗਿਆ ਕਿ ਜੇ ਖੇਤਰ ਦੇ ਹੋਰ ਹਿੱਸਿਆਂ ਦੀ ਪਸੰਦ ਵੱਖਰੀ ਹੋਵੇ ਤਾਂ ਕੀ ਖੇਤਰੀ ਇਕਸਾਰਤਾ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਸ਼ਹਿਰ ਵੱਲੋਂ 1 ਸਤੰਬਰ ਨੂੰ ਸਟੈਂਡਰਡ ਟਾਈਮ ਅਪਣਾਉਣ ਦੇ ਫੈਸਲੇ ਤੋਂ ਬਾਅਦ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਇੱਕ ਸਥਾਨਕ ਕਾਰੋਬਾਰੀ ਦੀ ਅਗਵਾਈ ਹੇਠ ਚਲਾਈ ਗਈ ਪਟੀਸ਼ਨ ’ਤੇ 2,300 ਤੋਂ ਵੱਧ ਦਸਤਖ਼ਤ ਕੀਤੇ ਗਏ ਸਨ। ਇਸ ਤੋਂ ਇਲਾਵਾ 23 ਕਾਰੋਬਾਰਾਂ ਨੇ ਵੀ ਇਸ ਮੁਹਿੰਮ ਨੂੰ ਸਮਰਥਨ ਦਿੱਤਾ ਸੀ।ਵਸਨੀਕਾਂ ਅਤੇ ਕਾਰੋਬਾਰੀਆਂ ਨੇ ਦਲੀਲ ਦਿੱਤੀ ਸੀ ਕਿ ਵੱਖਰਾ ਸਮਾਂ ਖੇਤਰ ਕੰਮਕਾਜ, ਸਮਾਨ ਦੀ ਡਿਲਿਵਰੀ, ਸੈਰ-ਸਪਾਟਾ ਬੁਕਿੰਗ ਅਤੇ ਰੋਜ਼ਾਨਾ ਆਉਣ-ਜਾਣ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿਹਤ ਸੇਵਾਵਾਂ ਸਬੰਧੀ ਵੀ ਚਿੰਤਾ ਜਤਾਈ ਗਈ ਸੀ ਕਿਉਂਕਿ ਕਈ ਵਸਨੀਕ ਵਿਸ਼ੇਸ਼ ਇਲਾਜ ਲਈ ਕ੍ਰੈਨਬਰੂਕ ਜਾਂ ਕੈਲਗਰੀ ਜਾਂਦੇ ਹਨ।
ਸਕੂਲਾਂ ਨਾਲ ਸਬੰਧਤ ਸਮਾਂ-ਸਾਰਣੀ ਨੂੰ ਲੈ ਕੇ ਵੀ ਚਿੰਤਾਵਾਂ ਸਾਹਮਣੇ ਆਈਆਂ ਸਨ। ਦੂਜੇ ਪਾਸੇ, ਸੈਰ-ਸਪਾਟਾ ਖੇਤਰ ਨਾਲ ਜੁੜੇ ਲੋਕਾਂ ਅਤੇ ਬਾਹਰੀ ਗਤੀਵਿਧੀਆਂ ਦੇ ਸ਼ੌਕੀਨਾਂ ਨੇ ਗਰਮੀਆਂ ਵਿੱਚ ਸ਼ਾਮ ਦੇ ਵਧੇਰੇ ਉਜਾਲੇ ਨੂੰ ਸਥਾਨਕ ਮਨੋਰੰਜਨ ਅਤੇ ਕਾਰੋਬਾਰ ਲਈ ਮਹੱਤਵਪੂਰਨ ਦੱਸਿਆ ਸੀ।ਕੌਂਸਲ ਨੇ ਕਿਹਾ ਕਿ ਪਹਿਲਾ ਫੈਸਲਾ ਸਰਦੀਆਂ ਦੀਆਂ ਹਨੇਰੀਆਂ ਸਵੇਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਕਾਰਨ ਲਿਆ ਗਿਆ ਸੀ। ਹੁਣ ਸਟਾਫ਼ ਨੂੰ ਸਕੂਲ ਡਿਸਟ੍ਰਿਕਟ 6 ਨਾਲ ਮਿਲ ਕੇ ਬੱਸ ਸਟਾਪਾਂ ਦੀ ਦਿੱਖ ਸੁਧਾਰਨ, ਪੈਦਲ ਰਸਤਿਆਂ ਦੀ ਸਮੀਖਿਆ ਕਰਨ ਅਤੇ ਹੋਰ ਸੁਰੱਖਿਆ ਉਪਾਅ ਵਿਚਾਰਨ ਲਈ ਕਿਹਾ ਗਿਆ ਹੈ।ਕੌਂਸਲ ਅਕਤੂਬਰ 2027 ਵਿੱਚ ਇਸ ਫੈਸਲੇ ਦੀ ਮੁੜ ਸਮੀਖਿਆ ਕਰੇਗੀ ਅਤੇ ਖੇਤਰੀ ਪ੍ਰਭਾਵਾਂ ਤੇ ਗੁਆਂਢੀ ਇਲਾਕਿਆਂ ਵਿੱਚ ਸਮੇਂ ਸਬੰਧੀ ਹੋਣ ਵਾਲੀਆਂ ਤਬਦੀਲੀਆਂ ਦਾ ਜਾਇਜ਼ਾ ਲਵੇਗੀ।
















