ਯੂਸੀਪੀ ਦਾ ਬਜਟ ਕੈਲਗਰੀ ਵਾਸੀਆਂ ‘ਤੇ ਵਧੇਰੇ ਖਰਚ ਦਾ ਬੋਝ ਪਾਏਗਾ: ਐਨਡੀਪੀ

ਯੂਸੀਪੀ ਦਾ ਬਜਟ ਕੈਲਗਰੀ ਵਾਸੀਆਂ ‘ਤੇ ਵਧੇਰੇ ਖਰਚ ਦਾ ਬੋਝ ਪਾਏਗਾ: ਐਨਡੀਪੀ

ਕੈਲਗਰੀ: ਅਲਬਰਟਾ ਦੀ ਵਿਰੋਧੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਨੇ ਚੇਤਾਵਨੀ ਦਿੱਤੀ ਹੈ ਕਿ ਬਜਟ 2026 ਕੈਲਗਰੀ ਦੇ ਲੋਕਾਂ ਲਈ ਜ਼ਿੰਦਗੀ ਹੋਰ ਮਹਿੰਗੀ ਕਰ ਦੇਵੇਗਾ। ਪਾਰਟੀ ਦਾ ਕਹਿਣਾ ਹੈ ਕਿ ਜਦੋਂ ਲੋਕ ਪਹਿਲਾਂ ਹੀ ਵਧ ਰਹੇ ਖਰਚਿਆਂ ਨਾਲ ਜੂਝ ਰਹੇ ਹਨ, ਇਸ ਬਜਟ ਰਾਹੀਂ ਸੂਬਾਈ ਪ੍ਰਾਪਰਟੀ ਟੈਕਸ ਵਿੱਚ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਾਧਾ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਨਹੀਦ ਨੈਂਸ਼ੀ ਨੇ ਕਿਹਾ ਕਿ ਇਹ ਬਜਟ ਕੈਲਗਰੀ ਦੇ ਲੋਕਾਂ ‘ਤੇ ਸਰਕਾਰ ਦੀ ਗਲਤ ਆਰਥਿਕ ਨੀਤੀ ਦਾ ਬੋਝ ਪਾਂਦਾ ਹੈ। ਉਨ੍ਹਾਂ ਕਿਹਾ, “ਇਹ ਬਜਟ ਕੈਲਗਰੀ ਵਾਸੀਆਂ ਨੂੰ ਯੂਸੀਪੀ ਦੀ ਗਲਤ ਪ੍ਰਬੰਧਕੀ ਦੇ ਨਤੀਜੇ ਭੁਗਤਣ ਲਈ ਮਜਬੂਰ ਕਰਦਾ ਹੈ। ਇਕ ਪੀੜ੍ਹੀ ਦੇ ਸਭ ਤੋਂ ਮਜ਼ਬੂਤ ਆਰਥਿਕ ਹਾਲਾਤਾਂ ਦੇ ਬਾਵਜੂਦ ਸਰਕਾਰ ਨੇ ਵੱਡਾ ਘਾਟਾ ਪੇਸ਼ ਕੀਤਾ ਹੈ ਅਤੇ ਸੰਤੁਲਨ ਬਣਾਉਣ ਲਈ ਕੋਈ ਸਪਸ਼ਟ ਰਸਤਾ ਨਹੀਂ ਦਿੱਤਾ।” ਕੈਲਗਰੀ–ਅਕੇਡੀਆ ਤੋਂ ਐਮਐਲਏ ਡਾਇਨਾ ਬੈਟਨ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਰਹਿਣ ਵਾਲੇ ਪਰਿਵਾਰ ਪਹਿਲਾਂ ਹੀ ਮਹਿੰਗਾਈ ਕਾਰਨ ਦਬਾਅ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈਂ ਹਰ ਰੋਜ਼ ਪਰਿਵਾਰਾਂ ਤੋਂ ਸੁਣਦੀ ਹਾਂ ਕਿ ਜ਼ਿੰਦਗੀ ਕਦੇ ਇੰਨੀ ਮਹਿੰਗੀ ਨਹੀਂ ਸੀ ਅਤੇ ਇਹ ਬਜਟ ਖਰਚਿਆਂ ਨੂੰ ਹੋਰ ਵਧਾ ਰਿਹਾ ਹੈ। ਲੋਕਾਂ ਦੀ ਮਦਦ ਕਰਨ ਦੀ ਬਜਾਏ ਯੂਸੀਪੀ ਉਨ੍ਹਾਂ ਲਈ ਚੰਗੀ ਜ਼ਿੰਦਗੀ ਬਣਾਉਣਾ ਹੋਰ ਮੁਸ਼ਕਲ ਕਰ ਰਹੀ ਹੈ।” ਬਜਟ 2026 ਵਿੱਚ 30 ਤੋਂ ਵੱਧ ਨਵੇਂ ਜਾਂ ਵਧੇ ਹੋਏ ਟੈਕਸ ਅਤੇ ਫੀਸਾਂ ਸ਼ਾਮਲ ਹਨ। ਸਭ ਤੋਂ ਵੱਡਾ ਅਸਰ ਕੈਲਗਰੀ ਦੇ ਲੋਕਾਂ ‘ਤੇ ਪ੍ਰਾਪਰਟੀ ਟੈਕਸ ਦੇ ਵਾਧੇ ਰਾਹੀਂ ਪਵੇਗਾ।

ਇਹ ਵਾਧਾ ਪਿਛਲੇ ਸਾਲ ਨਾਲੋਂ 21 ਫੀਸਦੀ ਹੈ, ਜਿਸ ਨਾਲ ਇੱਕ ਆਮ ਪਰਿਵਾਰ ਨੂੰ ਸਾਲਾਨਾ ਲਗਭਗ 350 ਡਾਲਰ ਵੱਧ ਅਦਾ ਕਰਨੇ ਪੈਣਗੇ। ਡਾਇਨਾ ਬੈਟਨ ਨੇ ਕਿਹਾ ਕਿ ਇਹ ਰਕਮ ਇੱਕ ਪੂਰੇ ਯੂਟਿਲਿਟੀ ਬਿੱਲ, ਬੱਚਿਆਂ ਦੀ ਤੈਰਨ ਦੀ ਟ੍ਰੇਨਿੰਗ ਦੇ ਇੱਕ ਸੀਜ਼ਨ ਜਾਂ ਛੇ ਮੋਬਾਈਲ ਫੋਨ ਬਿੱਲਾਂ ਦੇ ਬਰਾਬਰ ਹੋ ਸਕਦੀ ਹੈ। ਕੈਲਗਰੀ ਦੇ ਪਾਲੋਮੀਨੋ ਸਮੋਕਹਾਊਸ ਦੇ ਓਪਰੇਟਿੰਗ ਪਾਰਟਨਰ ਆਰਲਨ ਸਮਿਥ ਨੇ ਕਿਹਾ ਕਿ ਵਧ ਰਹੇ ਖਰਚਿਆਂ ਨੇ ਛੋਟੇ ਕਾਰੋਬਾਰਾਂ ਲਈ ਹਾਲਾਤ ਕਾਫ਼ੀ ਮੁਸ਼ਕਲ ਕਰ ਦਿੱਤੇ ਹਨ। ਉਨ੍ਹਾਂ ਕਿਹਾ, “ਖਾਣ-ਪੀਣ ਦੀਆਂ ਕੀਮਤਾਂ ਬੇਹੱਦ ਵਧ ਗਈਆਂ ਹਨ, ਬਿਜਲੀ ਅਤੇ ਯੂਟਿਲਿਟੀ ਖਰਚੇ ਲਗਾਤਾਰ ਚੜ੍ਹ ਰਹੇ ਹਨ, ਇਨਸ਼ੋਰੈਂਸ ਦੀਆਂ ਪ੍ਰੀਮੀਅਮ ਕਈ ਵਾਰ ਦੋਗੁਣੀਆਂ ਹੋ ਰਹੀਆਂ ਹਨ ਅਤੇ ਆਯਾਤ ਕੀਤੀਆਂ ਚੀਜ਼ਾਂ ‘ਤੇ ਟੈਕਸ ਅਤੇ ਸ਼ਿਪਿੰਗ ਖਰਚ ਵੀ ਵੱਧ ਰਹੇ ਹਨ।”

ਉਨ੍ਹਾਂ ਕਿਹਾ ਕਿ ਜੇ ਸੂਬਾਈ ਖਰਚੇ ਹੋਰ ਵਧਦੇ ਰਹੇ ਤਾਂ ਕਾਰੋਬਾਰਾਂ ਨੂੰ ਮਜਬੂਰਨ ਕੀਮਤਾਂ ਵਧਾਉਣੀਆਂ ਪੈਣਗੀਆਂ ਜਿਸ ਨਾਲ ਆਖ਼ਰਕਾਰ ਗਾਹਕਾਂ ‘ਤੇ ਹੀ ਅਸਰ ਪਵੇਗਾ। ਐਨਡੀਪੀ ਦੇ ਅਨੁਸਾਰ ਬਜਟ 2026 ਵਿੱਚ ਹੋਰ ਕਈ ਖਰਚੇ ਵੀ ਵਧਾਏ ਗਏ ਹਨ, ਜਿਵੇਂ ਕਿ ਟਰੇਡ ਵਰਕਰਾਂ ਲਈ ਫੀਸਾਂ ਵਿੱਚ ਵਾਧਾ, ਛੋਟੇ ਕਾਰੋਬਾਰਾਂ ਲਈ ਵਧੀਆਂ ਫੀਸਾਂ, ਡਰਾਈਵਰਾਂ ਲਈ ਵਧੇਰੇ ਚਾਰਜ ਅਤੇ ਬਜ਼ੁਰਗਾਂ ਲਈ ਖਰਚਿਆਂ ਵਿੱਚ ਵਾਧਾ। ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਆਖਿਆ ਕਿ ਕੈਲਗਰੀ ਲਈ ਨਾ ਤਾਂ ਨਵੇਂ ਹਸਪਤਾਲ ਬੈੱਡਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਅਗਲੇ ਤਿੰਨ ਸਾਲਾਂ ਵਿੱਚ ਕਿਸੇ ਨਵੇਂ ਸਕੂਲ ਦੇ ਨਿਰਮਾਣ ਲਈ ਫੰਡ ਰੱਖਿਆ ਗਿਆ ਹੈ। ਨਹੀਦ ਨੈਂਸ਼ੀ ਨੇ ਕਿਹਾ, “ਕੈਲਗਰੀ ਦੇ ਲੋਕਾਂ ਨੂੰ ਵੱਧ ਪੈਸੇ ਦੇਣ ਲਈ ਕਿਹਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਵਾਪਸ ਘੱਟ ਮਿਲ ਰਿਹਾ ਹੈ। ਇਹ ਸੂਬੇ ਦੀ ਤਾਕਤ ਨੂੰ ਵਧੀਆਂ ਬਿੱਲਾਂ ਵਿੱਚ ਬਦਲਣ ਵਾਲੀ ਸਰਕਾਰ ਹੈ।”