ਬਰੈਂਪਟਨ-ਅਲਬਰਟਾ ਅਤੇ ਗ੍ਰੇਟਰ ਟੋਰਾਂਟੋ ਏਰੀਆ ਦਰਮਿਆਨ ਚੱਲ ਰਹੀ ਇੰਟਰ-ਪ੍ਰੋਵਿੰਸ਼ੀਅਲ ਡਰੱਗ ਤਸਕਰੀ ਦੀ ਜਾਂਚ ਦੌਰਾਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਬਰੈਂਪਟਨ ਦੇ ਇੱਕ ਘਰ ਵਿੱਚੋਂ 2.3 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀ ਫੈਂਟਾਨਿਲ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਇੱਕ ਹੋਰ ਮੁਲਜ਼ਮ ਹਾਲੇ ਫਰਾਰ ਹੈ।ਪੁਲਿਸ ਵੱਲੋਂ ਜਾਰੀ ਨਿਊਜ਼ ਰਿਲੀਜ਼ ਅਨੁਸਾਰ ਇਸ ਜਾਂਚ ਨੂੰ “ਪ੍ਰੋਜੈਕਟ ਓਲੀ” ਦਾ ਨਾਮ ਦਿੱਤਾ ਗਿਆ ਸੀ, ਜਿਸ ਦੀ ਸ਼ੁਰੂਆਤ ਮਈ 2025 ਵਿੱਚ ਕੀਤੀ ਗਈ ਸੀ। ਜਾਂਚ ਦੇ ਤਹਿਤ 10 ਫਰਵਰੀ ਨੂੰ ਪੁਲਿਸ ਨੇ ਸਰਚ ਵਾਰੰਟ ਦੇ ਆਧਾਰ ‘ਤੇ ਬਰੈਂਪਟਨ ਦੇ ਅਲਬ੍ਰਾਈਟ ਰੋਡ ‘ਤੇ ਸਥਿਤ ਇੱਕ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਵਿੱਚੋਂ ਲਗਭਗ 18 ਕਿਲੋਗ੍ਰਾਮ ਫੈਂਟਾਨਿਲ ਅਤੇ ਤਿੰਨ ਸੈੱਲਫੋਨ ਬਰਾਮਦ ਹੋਏ।ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਬਰੈਂਪਟਨ ਦੇ 20 ਸਾਲਾ ਨਵਜੋਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਈ ਦੋਸ਼ ਦਰਜ ਕੀਤੇ ਹਨ। ਇਸੇ ਮਾਮਲੇ ਵਿੱਚ ਪੁਲਿਸ ਨੇ ਵਿਨੀਪੈਗ ਵਿੱਚ ਕੈਲਗਰੀ ਦੇ 23 ਸਾਲਾ ਅਤਰਵੀਰ ਸਿੰਘ ਨੂੰ ਵੀ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਅਲਬਰਟਾ ਪੁਲਿਸ ਵੱਲੋਂ ਕੈਲਗਰੀ ਦੇ 21 ਸਾਲਾ ਬਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨਾਂ ਮੁਲਜ਼ਮਾਂ ਖਿਲਾਫ ਡਰੱਗ ਤਸਕਰੀ ਨਾਲ ਸੰਬੰਧਿਤ ਕਈ ਗੰਭੀਰ ਚਾਰਜ ਲਗਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਮਨਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਖਿਲਾਫ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਉਸ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ।