25 ਹਜ਼ਾਰ ਤੋਂ ਵੱਧ ਪਬਲਿਕ ਸਰਵੈਂਟਸ ਨੂੰ ਨੌਕਰੀ ਖਤਮ ਹੋਣ ਦੇ ਨੋਟਿਸ

25 ਹਜ਼ਾਰ ਤੋਂ ਵੱਧ ਪਬਲਿਕ ਸਰਵੈਂਟਸ ਨੂੰ ਨੌਕਰੀ ਖਤਮ ਹੋਣ ਦੇ ਨੋਟਿਸ

ਓਟਵਾ-ਕੈਨੇਡਾ ਵਿੱਚ ਫੈਡਰਲ ਸਰਕਾਰ ਵੱਲੋਂ ਪਬਲਿਕ ਸਰਵਿਸ ਵਿੱਚ ਕਟੌਤੀ ਦੀ ਯੋਜਨਾ ਤਹਿਤ ਪਿਛਲੇ ਦੋ ਮਹੀਨਿਆਂ ਦੌਰਾਨ 25,000 ਤੋਂ ਵੱਧ ਪਬਲਿਕ ਸਰਵੈਂਟਸ ਨੂੰ ਨੌਕਰੀ ਖਤਮ ਹੋਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਦਮ ਉਸ ਯੋਜਨਾ ਦਾ ਹਿੱਸਾ ਹੈ ਜਿਸ ਅਧੀਨ ਸਰਕਾਰ 2029 ਤੱਕ ਫੈਡਰਲ ਪਬਲਿਕ ਸਰਵਿਸ ਦੇ ਅਕਾਰ ਵਿੱਚ ਕਮੀ ਲਿਆਉਣਾ ਚਾਹੁੰਦੀ ਹੈ।

ਟ੍ਰੇਜ਼ਰੀ ਬੋਰਡ ਸੈਕਟਰੀਏਟ ਅਤੇ ਫੈਡਰਲ ਯੂਨੀਅਨਾਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦਸੰਬਰ ਤੋਂ ਹੁਣ ਤੱਕ 36 ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਨੋਟਿਸ ਮਿਲ ਚੁੱਕੇ ਹਨ।

ਅੰਕੜਿਆਂ ਮੁਤਾਬਕ ਸਭ ਤੋਂ ਵੱਧ ਪ੍ਰਭਾਵ ਗਲੋਬਲ ਅਫੇਅਰਜ਼ ਕੈਨੇਡਾ ਵਿੱਚ ਵੇਖਿਆ ਜਾ ਰਿਹਾ ਹੈ, ਜਿੱਥੇ 3,295 ਕਰਮਚਾਰੀਆਂ ਅਤੇ 406 ਐਗਜ਼ੈਕਟਿਵਜ਼ ਨੂੰ ਨੋਟਿਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਟੈਟਿਸਟਿਕਸ ਕੈਨੇਡਾ ਦੇ 3,274 ਕਰਮਚਾਰੀਆਂ, ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ 3,028 ਕਰਮਚਾਰੀਆਂ ਅਤੇ 47 ਐਗਜ਼ੈਕਟਿਵਜ਼ ਅਤੇ ਹੈਲਥ ਕੈਨੇਡਾ ਦੇ 2,052 ਕਰਮਚਾਰੀਆਂ ਅਤੇ 36 ਐਗਜ਼ੈਕਟਿਵਜ਼ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।

ਇਸੇ ਤਰ੍ਹਾਂ ਟਰਾਂਸਪੋਰਟ ਕੈਨੇਡਾ ਦੇ 1,520 ਕਰਮਚਾਰੀ, ਸ਼ੇਅਰਡ ਸਰਵਿਸਿਜ਼ ਕੈਨੇਡਾ ਦੇ 1,290 ਕਰਮਚਾਰੀ, ਪਬਲਿਕ ਸਰਵਿਸ ਐਂਡ ਪ੍ਰੋਕਿਊਰਮੈਂਟ ਕੈਨੇਡਾ ਦੇ 1,114 ਕਰਮਚਾਰੀ ਅਤੇ ਇਨੋਵੇਸ਼ਨ, ਸਾਇੰਸ ਐਂਡ ਇਕਨੌਮਿਕ ਡਿਵੈਲਪਮੈਂਟ ਕੈਨੇਡਾ ਦੇ 1,101 ਕਰਮਚਾਰੀ ਵੀ ਇਸ ਕਾਰਵਾਈ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਇਸ ਤੋਂ ਇਲਾਵਾ ਐਗਰੀਕਲਚਰ ਐਂਡ ਐਗਰੀ-ਫੂਡ ਕੈਨੇਡਾ, ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ, ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ, ਨੈਚਰਲ ਰਿਸੋਰਸਿਜ਼ ਕੈਨੇਡਾ, ਕੋਰੈਕਸ਼ਨਲ ਸਰਵਿਸਿਜ਼ ਕੈਨੇਡਾ, ਪਬਲਿਕ ਸੇਫਟੀ ਕੈਨੇਡਾ, ਫਿਸ਼ਰੀਜ਼ ਐਂਡ ਓਸ਼ਨਜ਼ ਕੈਨੇਡਾ ਅਤੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਸਮੇਤ ਕਈ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੂੰ ਵੀ ਨੋਟਿਸ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਡਿਪਾਰਟਮੈਂਟ ਆਫ ਜਸਟਿਸ, ਟ੍ਰੇਜ਼ਰੀ ਬੋਰਡ ਸੈਕਟਰੀਏਟ, ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਅਤੇ ਹੋਰ ਕਈ ਫੈਡਰਲ ਸੰਸਥਾਵਾਂ ਦੇ ਕਰਮਚਾਰੀ ਵੀ ਇਸ ਕਟੌਤੀ ਦੀ ਲਪੇਟ ਵਿੱਚ ਆ ਸਕਦੇ ਹਨ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸਰਕਾਰੀ ਖਰਚਿਆਂ ਨੂੰ ਕਾਬੂ ਕਰਨ ਅਤੇ ਪਬਲਿਕ ਸਰਵਿਸ ਦੇ ਢਾਂਚੇ ਨੂੰ ਸੁਧਾਰਨ ਲਈ ਚੁੱਕਿਆ ਜਾ ਰਿਹਾ ਹੈ, ਹਾਲਾਂਕਿ ਯੂਨੀਅਨਾਂ ਨੇ ਇਸ ਉੱਤੇ ਚਿੰਤਾ ਜਤਾਈ ਹੈ ਕਿ ਇਸ ਨਾਲ ਹਜ਼ਾਰਾਂ ਕਰਮਚਾਰੀਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ।