ਕੈਨੇਡਾ ਵੱਲੋਂ ਨਵੀਂ ਰਾਸ਼ਟਰੀ ਆਟੋ ਰਣਨੀਤੀ ਦਾ ਐਲਾਨ

ਕੈਨੇਡਾ ਵੱਲੋਂ ਨਵੀਂ ਰਾਸ਼ਟਰੀ ਆਟੋ ਰਣਨੀਤੀ ਦਾ ਐਲਾਨ

ਈਵੀ ਨੀਤੀ ਵਿੱਚ ਵੱਡਾ ਬਦਲਾਅ, 2035 ਵਾਲੀ ਲਾਜ਼ਮੀ ਸ਼ਰਤ ਰੱਦ

ਓਟਵਾ-ਕੈਨੇਡਾ ਦੀ ਫ਼ੈਡਰਲ ਸਰਕਾਰ ਨੇ ਦੇਸ਼ ਲਈ ਨਵੀਂ ਨੈਸ਼ਨਲ ਆਟੋਮੋਟਿਵ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਆਟੋ ਉਦਯੋਗ ਅਤੇ ਇਲੈਕਟ੍ਰਿਕ ਵਾਹਨ (EV) ਨੀਤੀ ਵਿੱਚ ਵੱਡਾ ਮੋੜ ਆਇਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਸਰਕਾਰ ਹੁਣ ਉਹਨਾਂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜੋ ਕੈਨੇਡਾ ਦੇ ਆਪਣੇ ਕੰਟਰੋਲ ਵਿੱਚ ਹਨ ਅਤੇ ਇਸੀ ਦ੍ਰਿਸ਼ਟੀਕੋਣ ਤਹਿਤ ਆਟੋ ਉਦਯੋਗ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ।

ਨਵੀਂ ਰਣਨੀਤੀ ਅਨੁਸਾਰ ਕੈਨੇਡਾ ਵਿੱਚ ਬਣਨ ਵਾਲੇ ਵਾਹਨਾਂ ਦੇ ਉਤਪਾਦਨ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਦੇ ਨਾਲ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਅਧੁਨਿਕ ਟੈਕਨੋਲੋਜੀ ਦੀ ਮਦਦ ਨਾਲ ਭਵਿੱਖ ਦੇ ਵਾਹਨਾਂ ਦੇ ਵਿਕਾਸ ’ਤੇ ਜ਼ੋਰ ਦਿੱਤਾ ਜਾਵੇਗਾ।

ਸਰਕਾਰ ਨੇ ਸ਼ੁਰੂਆਤੀ ਕਦਮ ਵਜੋਂ ਉਹ ਨਿਯਮ ਰੱਦ ਕਰ ਦਿੱਤਾ ਹੈ, ਜਿਸ ਤਹਿਤ 2035 ਤੱਕ ਕੈਨੇਡਾ ਵਿੱਚ ਵਿਕਣ ਵਾਲੀਆਂ ਸਾਰੀਆਂ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਸੀ। ਇਹ ਫੈਸਲਾ ਆਟੋ ਉਦਯੋਗ ਨੂੰ ਮੌਜੂਦਾ ਹਾਲਾਤਾਂ ਅਨੁਸਾਰ ਲਚਕ ਦੇਣ ਲਈ ਕੀਤਾ ਗਿਆ ਹੈ।

ਹਾਲਾਂਕਿ, ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਈਵੀ ਪ੍ਰੋਤਸਾਹਨ ਯੋਜਨਾ ਨੂੰ ਅਗਲੇ ਪੰਜ ਸਾਲਾਂ ਲਈ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ 2.3 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਈਵੀ ਖਰੀਦ ’ਤੇ 5,000 ਡਾਲਰ ਤੱਕ ਅਤੇ ਪਲੱਗ-ਇਨ ਹਾਈਬ੍ਰਿਡ ਵਾਹਨਾਂ ਲਈ 2,500 ਡਾਲਰ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲੇ ਉਸ ਸਮੇਂ ਲਏ ਗਏ ਹਨ, ਜਦੋਂ ਕੈਨੇਡੀਅਨ ਆਟੋ ਉਦਯੋਗ ਅਮਰੀਕੀ ਟੈਰਿਫ਼ ਸਮੇਤ ਕਈ ਅੰਤਰਰਾਸ਼ਟਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।