ਅਲਬਰਟਾ ‘ਚ ਅਲੱਗਾਵਾਦ ਦੇ ਖ਼ਿਲਾਫ਼ ਮੁਹਿੰਮ ਸ਼ੁਰੂ – “ਅਸੀਂ ਚੁੱਪਚਾਪ ਰੈਫਰੈਂਡਮ ਵੱਲ ਨਹੀਂ ਵੱਧ ਰਹੇ”
ਅਲਬਰਟਾ-ਅਲਬਰਟਾ ਵਿੱਚ ਵਧ ਰਹੇ ਅਲੱਗਾਵਾਦੀ ਰੁਝਾਨ ਦੇ ਮੱਦੇਨਜ਼ਰ ਅਲਬਰਟਾ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਨੇ “ਫੋਰ ਅਲਬਰਟਾ, ਫੋਰ ਕੈਨੇਡਾ” ਨਾਮ ਦੀ ਨਵੀਂ ਪ੍ਰੋ-ਕੈਨੇਡਾ ਮੁਹਿੰਮ ਸ਼ੁਰੂ ਕੀਤੀ ਹੈ।
ਪਾਰਟੀ ਦੇ ਆਗੂ ਨਾਹੀਦ ਨੈਂਸ਼ੀ ਨੇ ਕੈਲਗਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਆਮ ਲੋਕਾਂ ਨੂੰ ਕੈਨੇਡਾ ਦੇ ਹੱਕ ਵਿੱਚ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਲਈ ਨਹੀਂ, ਸਗੋਂ ਦੇਸ਼ ਲਈ ਇਕੱਠੇ ਹੋਣ ਲਈ ਹੈ।ਇਹ ਮੁਹਿੰਮ 25 ਅਪ੍ਰੈਲ ਨੂੰ ਇਕ ਵੱਡੇ ਐਕਸ਼ਨ ਦਿਵਸ ਨਾਲ ਜੁੜੀ ਹੋਈ ਹੈ, ਜਿਸ ਵਿੱਚ ਲੋਕਾਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸਮੇਂ ਅਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਦੀ ਚਰਚਾ ਤੇਜ਼ ਹੋ ਰਹੀ ਹੈ। ਸਰਵੇਖਣਾਂ ਮੁਤਾਬਕ ਇਸ ਵਿਚਾਰ ਨੂੰ ਲੋਕਾਂ ਵਿੱਚ ਕੁਝ ਸਮਰਥਨ ਵੀ ਮਿਲ ਰਿਹਾ ਹੈ। ਕੁਝ ਪ੍ਰਸਿੱਧ ਹਸਤੀਆਂ ਵੱਲੋਂ ਵੀ ਇਸ ਮੁਹਿੰਮ ਨੂੰ ਹੌਸਲਾ ਮਿਲ ਰਿਹਾ ਹੈ।ਇਹ ਕਦਮ ਸੰਭਾਵਿਤ ਰੈਫਰੈਂਡਮ ਤੋਂ ਪਹਿਲਾਂ ਚੁੱਕਿਆ ਗਿਆ ਹੈ, ਜੋ 19 ਅਕਤੂਬਰ ਨੂੰ ਹੋ ਸਕਦਾ ਹੈ, ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਿਕ ਐਲਾਨ ਨਹੀਂ ਹੋਇਆ।
ਦੂਜੇ ਪਾਸੇ, ਸਟਰਜਨ ਲੇਕ ਕ੍ਰੀ ਨੇਸ਼ਨ ਅਤੇ ਹੋਰ ਫਰਸਟ ਨੇਸ਼ਨ ਸਮੂਹਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਰੈਫਰੈਂਡਮ ਉਹਨਾਂ ਦੇ ਅਧਿਕਾਰਾਂ ਦੇ ਖਿਲਾਫ਼ ਹੈ।ਅਲੱਗਾਵਾਦ ਦੇ ਹੱਕ ਵਿੱਚ ਦਸਤਖਤ ਇਕੱਠੇ ਕਰਨ ਵਾਲੇ ਗਰੁੱਪਾਂ ਨੇ ਦਾਅਵਾ ਕੀਤਾ ਹੈ ਕਿ ਉਹ ਲੋੜੀਂਦੀ ਗਿਣਤੀ ਪੂਰੀ ਕਰ ਚੁੱਕੇ ਹਨ। ਇਸਦੇ ਉਲਟ, ਥਾਮਸ ਲੁਕਾਸਜ਼ੁਕ ਦੀ ਅਗਵਾਈ ਹੇਠ “ਫਾਰੇਵਰ ਕੈਨੇਡੀਅਨ” ਮੁਹਿੰਮ ਨੇ ਵੀ ਕਾਫ਼ੀ ਵੱਡੀ ਗਿਣਤੀ ਵਿੱਚ ਦਸਤਖਤ ਇਕੱਠੇ ਕੀਤੇ ਹਨ।ਐਨ.ਡੀ.ਪੀ. ਨੇ ਪ੍ਰੀਮੀਅਰ ਡੈਨਿਯਲ ਸਮਿਥ ਅਤੇ ਉਸ ਦੀ ਪਾਰਟੀ ‘ਤੇ ਦੋਸ਼ ਲਗਾਇਆ ਹੈ ਕਿ ਉਹ ਅਲੱਗਾਵਾਦੀ ਵਿਚਾਰਾਂ ਨੂੰ ਉਤਸ਼ਾਹ ਦੇ ਰਹੇ ਹਨ। ਨੈਂਸ਼ੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਰਾਜਨੀਤੀ ਨਹੀਂ, ਸਗੋਂ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਬ੍ਰੈਕਜ਼ਿਟ ਅਤੇ ਕਿਊਬੈਕ ਦੇ ਪਿਛਲੇ ਰੈਫਰੈਂਡਮਾਂ ਵਾਂਗ, ਜੇ ਲੋਕ ਸਮੇਂ ‘ਤੇ ਸਚੇਤ ਨਾ ਹੋਏ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ।
















