ਕੰਮਕਾਜੀ ਹਾਦਸੇ ਵਿੱਚ ਮੌਤ ਮਾਮਲੇ ’ਚ ਜੰਗਲਾਤ ਕੰਪਨੀ ’ਤੇ 3 ਲੱਖ 55 ਹਜ਼ਾਰ ਡਾਲਰ ਜੁਰਮਾਨਾ

ਕੰਮਕਾਜੀ ਹਾਦਸੇ ਵਿੱਚ ਮੌਤ ਮਾਮਲੇ ’ਚ ਜੰਗਲਾਤ ਕੰਪਨੀ ’ਤੇ 3 ਲੱਖ 55 ਹਜ਼ਾਰ ਡਾਲਰ ਜੁਰਮਾਨਾ

ਅਲਬਰਟਾ-ਕੰਮਕਾਜੀ ਸਥਾਨ ’ਤੇ ਵਾਪਰੇ ਇੱਕ ਘਾਤਕ ਹਾਦਸੇ ਦੇ ਮਾਮਲੇ ਵਿੱਚ ਜੰਗਲਾਤ ਉਤਪਾਦ ਬਣਾਉਣ ਵਾਲੀ ਕੰਪਨੀ ਵੇਅਰਹਾਊਜ਼ਰ ਕੰਪਨੀ ਲਿਮਿਟਡ ’ਤੇ 3 ਲੱਖ 55 ਹਜ਼ਾਰ ਡਾਲਰ ਦੀ ਸਜ਼ਾ ਲਗਾਈ ਗਈ ਹੈ।ਕੰਪਨੀ ਨੇ 19 ਮਈ ਨੂੰ ਗ੍ਰਾਂਡ ਪ੍ਰੇਰੀ ਕੋਰਟ ਆਫ ਜਸਟਿਸ ਵਿੱਚ ਅਕਿਊਪੇਸ਼ਨਲ ਹੈਲਥ ਐਂਡ ਸੇਫਟੀ ਕਾਨੂੰਨ ਤਹਿਤ ਇੱਕ ਦੋਸ਼ ਕਬੂਲ ਕੀਤਾ। ਇਹ ਦੋਸ਼ ਕਰਮਚਾਰੀ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਨਾ ਬਣਾਉਣ ਨਾਲ ਸੰਬੰਧਿਤ ਸੀ। ਇਸ ਦੌਰਾਨ ਕ੍ਰਾਊਨ ਵੱਲੋਂ ਲਗਾਏ ਗਏ ਹੋਰ 12 ਦੋਸ਼ ਵਾਪਸ ਲੈ ਲਏ ਗਏ।

ਇਹ ਮਾਮਲਾ 18 ਨਵੰਬਰ 2023 ਨੂੰ ਗ੍ਰਾਂਡ ਪ੍ਰੇਰੀ ਨੇੜੇ ਸਥਿਤ ਇੱਕ ਲੱਕੜ ਮਿੱਲ ਵਿੱਚ ਵਾਪਰੇ ਹਾਦਸੇ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਕਰਮਚਾਰੀ ਮਸ਼ੀਨ ਵਿੱਚ ਆਈ ਰੁਕਾਵਟ ਨੂੰ ਦੂਰ ਕਰਨ ਲਈ “ਪਾਈਕ ਪੋਲ” ਦੀ ਵਰਤੋਂ ਕਰ ਰਿਹਾ ਸੀ। ਇਸ ਦੌਰਾਨ ਪੋਲ ਮਸ਼ੀਨ ਵਿੱਚੋਂ ਜ਼ੋਰ ਨਾਲ ਬਾਹਰ ਨਿਕਲਿਆ ਅਤੇ ਕਰਮਚਾਰੀ ਨੂੰ ਜਾ ਲੱਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਅਦਾਲਤ ਵੱਲੋਂ ਦਿੱਤੀ ਗਈ ਵਿਸ਼ੇਸ਼ ਸਜ਼ਾ ਤਹਿਤ ਕੰਪਨੀ ਨੂੰ 3 ਲੱਖ 55 ਹਜ਼ਾਰ ਡਾਲਰ ਨਾਰਥਵੈਸਟਰਨ ਪਾਲੀਟੈਕਨਿਕ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਰਕਮ “ਨਾਰਦਰਨ ਇੰਡਸਟਰੀਅਲ ਸੇਫਟੀ ਪਾਥਵੇਜ਼ ਪ੍ਰੋਗਰਾਮ” ਤਿਆਰ ਕਰਨ ਲਈ ਵਰਤੀ ਜਾਵੇਗੀ।ਇਸ ਪ੍ਰੋਗਰਾਮ ਤਹਿਤ ਜੰਗਲਾਤ, ਤੇਲ ਅਤੇ ਗੈਸ, ਮੈਨੂਫੈਕਚਰਿੰਗ, ਮਾਈਨਿੰਗ ਅਤੇ ਖੇਤੀਬਾੜੀ ਖੇਤਰਾਂ ਵਿੱਚ ਨਵੇਂ ਅਤੇ ਘੱਟ ਤਜਰਬੇਕਾਰ ਕਰਮਚਾਰੀਆਂ ਲਈ ਸੁਰੱਖਿਆ ਸਬੰਧੀ ਢਾਂਚਾਗਤ ਸਿਖਲਾਈ ਅਤੇ ਫੀਸ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਕੰਪਨੀ ਅਤੇ ਕ੍ਰਾਊਨ ਕੋਲ ਸਜ਼ਾ ਜਾਂ ਦੋਸ਼ ਖ਼ਿਲਾਫ਼ ਅਪੀਲ ਕਰਨ ਲਈ 30 ਦਿਨਾਂ ਦਾ ਸਮਾਂ ਹੋਵੇਗਾ।ਅਲਬਰਟਾ ਦੇ ਅਕਿਊਪੇਸ਼ਨਲ ਹੈਲਥ ਐਂਡ ਸੇਫਟੀ ਕਾਨੂੰਨ ਸੂਬੇ ਭਰ ਦੇ ਕੰਮਕਾਜੀ ਸਥਾਨਾਂ ਲਈ ਬੁਨਿਆਦੀ ਸੁਰੱਖਿਆ ਨਿਯਮ ਤੈਅ ਕਰਦੇ ਹਨ। ਇਹ ਕਾਨੂੰਨ ਨਿਯੋਗਦਾਤਾਵਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਕੰਮਕਾਜੀ ਮਾਹੌਲ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੰਦੇ ਹਨ, ਜਦਕਿ ਕਰਮਚਾਰੀਆਂ ਨੂੰ ਹੱਕ ਅਤੇ ਸੁਰੱਖਿਆ ਵੀ ਪ੍ਰਦਾਨ ਕਰਦੇ ਹਨ।ਜ਼ਿਕਰਯੋਗ ਹੈ ਕਿ ਅਕਿਊਪੇਸ਼ਨਲ ਹੈਲਥ ਐਂਡ ਸੇਫਟੀ ਕਾਨੂੰਨ ਤਹਿਤ “ਕ੍ਰੀਏਟਿਵ ਸੈਂਟੈਂਸ” ਦਾ ਪ੍ਰਬੰਧ ਵੀ ਹੈ, ਜਿਸ ਅਧੀਨ ਜੁਰਮਾਨੇ ਦੀ ਰਕਮ ਸਿੱਧੀ ਸਰਕਾਰ ਨੂੰ ਦੇਣ ਦੀ ਬਜਾਏ ਕਿਸੇ ਅਜਿਹੇ ਪ੍ਰਾਜੈਕਟ ਜਾਂ ਸੰਸਥਾ ਨੂੰ ਦਿੱਤੀ ਜਾ ਸਕਦੀ ਹੈ ਜੋ ਕੰਮਕਾਜੀ ਸੁਰੱਖਿਆ ਨੂੰ ਉਤਸ਼ਾਹਿਤ ਕਰੇ।