ਕੈਨੇਡਾ ’ਚ ਖਸਰੇ ਦੇ ਮਾਮਲੇ ਅਮਰੀਕਾ ਦੇ ਅੱਧੇ, ਛੋਟੀ ਆਬਾਦੀ ਦੇ ਬਾਵਜੂਦ WHO ਨੇ ਜਤਾਈ ਚਿੰਤਾ

ਕੈਨੇਡਾ ’ਚ ਖਸਰੇ ਦੇ ਮਾਮਲੇ ਅਮਰੀਕਾ ਦੇ ਅੱਧੇ, ਛੋਟੀ ਆਬਾਦੀ ਦੇ ਬਾਵਜੂਦ WHO ਨੇ ਜਤਾਈ ਚਿੰਤਾ

ਕੈਨੇਡਾ: ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਖਸਰੇ ਦੇ ਪੁਸ਼ਟੀਸ਼ੁਦਾ ਮਾਮਲਿਆਂ ਦੀ ਗਿਣਤੀ ਅਮਰੀਕਾ ਦੇ ਮਾਮਲਿਆਂ ਦੀ ਲਗਭਗ ਅੱਧੀ ਹੋ ਗਈ ਹੈ, ਜਦਕਿ ਕੈਨੇਡਾ ਦੀ ਆਬਾਦੀ ਅਮਰੀਕਾ ਦੇ ਮੁਕਾਬਲੇ ਕਰੀਬ ਦਸਵਾਂ ਹਿੱਸਾ ਹੈ।WHO ਮੁਤਾਬਕ 18 ਜੁਲਾਈ ਤੱਕ ਅਮਰੀਕਾ ਮਹਾਂਦੀਪ ਵਿੱਚ ਖਸਰੇ ਦੇ 47,459 ਪੁਸ਼ਟੀਸ਼ੁਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਗਿਣਤੀ ਪਿਛਲੇ ਪੂਰੇ ਸਾਲ ਦੌਰਾਨ ਦਰਜ ਕੀਤੇ ਗਏ ਮਾਮਲਿਆਂ ਨਾਲੋਂ ਤਿੰਨ ਗੁਣਾ ਵੱਧ ਹੈ।

ਇਨ੍ਹਾਂ ਵਿੱਚੋਂ ਅਮਰੀਕਾ ਵਿੱਚ 2,260 ਅਤੇ ਕੈਨੇਡਾ ਵਿੱਚ 1,107 ਮਾਮਲੇ ਦਰਜ ਕੀਤੇ ਗਏ ਹਨ। WHO ਮੁਤਾਬਕ ਇਸ ਸਾਲ ਅਮਰੀਕਾ ਮਹਾਂਦੀਪ ਵਿੱਚ ਖਸਰੇ ਕਾਰਨ ਹੁਣ ਤੱਕ 45 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਗੁਆਟੇਮਾਲਾ ਅਤੇ ਮੈਕਸੀਕੋ ਵਿੱਚ ਹੋਈ ਹੈ।WHO ਦੇ ਅਮਰੀਕਾ ਖੇਤਰ ਲਈ ਖੇਤਰੀ ਦਫ਼ਤਰ ਪੈਨ ਅਮਰੀਕਨ ਹੈਲਥ ਆਰਗੇਨਾਈਜ਼ੇਸ਼ਨ (PAHO) ਨੇ ਖਸਰੇ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਟੀਕਾਕਰਨ, ਨਿਗਰਾਨੀ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।

PAHO ਦੇ ਅਧਿਕਾਰੀ ਡੈਨੀਅਲ ਸਾਲਾਸ ਨੇ ਕਿਹਾ ਕਿ ਖਸਰੇ ਦੇ ਮਾਮਲਿਆਂ ਨੂੰ ਲੈ ਕੇ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਮੁਤਾਬਕ ਉੱਚ ਟੀਕਾਕਰਨ ਦਰ, ਸ਼ੱਕੀ ਮਾਮਲਿਆਂ ਦੀ ਜਲਦੀ ਪਛਾਣ ਅਤੇ ਤੇਜ਼ੀ ਨਾਲ ਕਾਰਵਾਈ ਕਰਕੇ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਹਰ ਨਵਾਂ ਖਸਰੇ ਦਾ ਪ੍ਰਕੋਪ ਲੋਕਾਂ ਵਿੱਚ ਮੌਜੂਦ ਟੀਕਾਕਰਨ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਂਦਾ ਹੈ, ਖ਼ਾਸ ਕਰਕੇ ਬੱਚਿਆਂ ਅਤੇ ਘੱਟ ਟੀਕਾਕਰਨ ਵਾਲੇ ਭਾਈਚਾਰਿਆਂ ਵਿੱਚ।PAHO ਮੁਤਾਬਕ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੀ ਸਭ ਤੋਂ ਵੱਡੀ ਗਿਣਤੀ ਵਿੱਚ ਖਸਰੇ ਦੇ ਪੁਸ਼ਟੀਸ਼ੁਦਾ ਮਾਮਲੇ ਦਰਜ ਹੋ ਰਹੇ ਹਨ।ਦੁਨੀਆ ਭਰ ਵਿੱਚ ਜੁਲਾਈ ਤੱਕ ਕਰੀਬ 1.86 ਲੱਖ ਖਸਰੇ ਦੇ ਮਾਮਲੇ ਰਿਪੋਰਟ ਹੋਏ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12 ਫ਼ੀਸਦੀ ਵੱਧ ਹਨ।