ਟਰੰਪ ਦੀਆਂ ਧਮਕੀਆਂ ਦੇ ਬਾਵਜੂਦ ਕਈ ਕੈਨੇਡੀਅਨ ਅਮਰੀਕੀ ਸ਼ਰਾਬ ਨੂੰ ਮੁੜ ਸ਼ੈਲਫ਼ਾਂ ‘ਤੇ ਨਹੀਂ ਦੇਖਣਾ ਚਾਹੁੰਦੇ : ਸਰਵੇਖਣ
ਓਟਾਵਾ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਨਵੇਂ ਟੈਰਿਫ਼ ਲਗਾਉਣ ਦੀਆਂ ਧਮਕੀਆਂ ਦੇ ਬਾਵਜੂਦ, ਕੈਨੇਡਾ ਦੇ ਕਈ ਸੂਬਿਆਂ ਦੇ ਲੋਕ ਅਮਰੀਕੀ ਸ਼ਰਾਬ ਨੂੰ ਮੁੜ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਦੀਆਂ ਸ਼ੈਲਫ਼ਾਂ ‘ਤੇ ਦੇਖਣਾ ਨਹੀਂ ਚਾਹੁੰਦੇ। ਨਵੇਂ ਸਰਵੇਖਣ ਮੁਤਾਬਕ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਮੈਨਿਟੋਬਾ ਅਤੇ ਚਾਰ ਐਟਲਾਂਟਿਕ ਸੂਬਿਆਂ ਦੇ 69 ਫੀਸਦੀ ਲੋਕਾਂ ਨੇ ਕਿਹਾ ਕਿ ਸੂਬਾਈ ਸਰਕਾਰਾਂ ਨੂੰ ਅਮਰੀਕੀ ਸ਼ਰਾਬ ‘ਤੇ ਲਗੀਆਂ ਪਾਬੰਦੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ।ਅਬਾਕਸ ਡਾਟਾ ਵੱਲੋਂ 1,363 ਬਾਲਗਾਂ ਵਿੱਚ ਕੀਤੇ ਗਏ ਸਰਵੇਖਣ ਅਨੁਸਾਰ ਸਿਰਫ਼ 19 ਫੀਸਦੀ ਲੋਕ ਅਮਰੀਕੀ ਸ਼ਰਾਬ ਨੂੰ ਮੁੜ ਸ਼ੈਲਫ਼ਾਂ ‘ਤੇ ਲਿਆਉਣ ਦੇ ਹੱਕ ਵਿੱਚ ਹਨ, ਜਦਕਿ 11 ਫੀਸਦੀ ਨੇ ਕੋਈ ਸਪੱਸ਼ਟ ਰਾਏ ਨਹੀਂ ਦਿੱਤੀ।
ਟਰੰਪ ਨੇ ਪਿਛਲੇ ਮਹੀਨੇ ਕੈਨੇਡੀਅਨ ਉਤਪਾਦਾਂ ‘ਤੇ 50 ਫੀਸਦੀ ਤੱਕ ਦੇ ਵਿਆਪਕ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਸ਼ਰਾਬ ਦੇ ਬਹਿਸਕਾਰ ਸਮੇਤ ਕੁਝ ਕਦਮ “ਭੇਦਭਾਵਪੂਰਨ” ਹਨ। ਇਹ ਨਵੇਂ ਟੈਰਿਫ਼ 19 ਅਗਸਤ ਤੋਂ ਲਾਗੂ ਹੋ ਸਕਦੇ ਹਨ।ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਤਿੰਨ ਕਾਰਜਕਾਰੀ ਹੁਕਮਾਂ ਵਿੱਚ ਵੱਖ-ਵੱਖ ਕਾਰਣ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸੂਬਾਈ ਪੱਧਰ ‘ਤੇ ਅਮਰੀਕੀ ਸ਼ਰਾਬ ਦਾ ਬਹਿਸਕਾਰ, ਕੈਨੇਡਾ ਵੱਲੋਂ ਅਮਰੀਕੀ ਵਾਹਨਾਂ ਅਤੇ ਆਟੋ ਪਾਰਟਸ ‘ਤੇ ਲਗਾਏ ਗਏ ਜਵਾਬੀ ਟੈਰਿਫ਼ ਅਤੇ ਦੁੱਧ ਆਯਾਤ ਕੋਟੇ ਸ਼ਾਮਲ ਹਨ।ਯਾਦ ਰਹੇ ਕਿ 2025 ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਕਈ ਸੂਬਿਆਂ ਨੇ ਟਰੰਪ ਦੀ ਵਪਾਰ ਜੰਗ ਅਤੇ ਕੈਨੇਡਾ ਨੂੰ “51ਵਾਂ ਰਾਜ” ਬਣਾਉਣ ਵਾਲੀਆਂ ਟਿੱਪਣੀਆਂ ਦੇ ਵਿਰੋਧ ਵਜੋਂ ਅਮਰੀਕੀ ਸ਼ਰਾਬ ਨੂੰ ਸ਼ੈਲਫ਼ਾਂ ਤੋਂ ਹਟਾ ਦਿੱਤਾ ਸੀ।
ਅਬਾਕਸ ਡਾਟਾ ਦੇ ਮੁੱਖ ਕਾਰਜਕਾਰੀ ਡੇਵਿਡ ਕੋਲੇਟੋ ਨੇ ਕਿਹਾ ਕਿ ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਸੂਬਾਈ ਸਰਕਾਰਾਂ ਕੋਲ ਅਮਰੀਕੀ ਸ਼ਰਾਬ ‘ਤੇ ਪਾਬੰਦੀ ਜਾਰੀ ਰੱਖਣ ਲਈ ਕਾਫ਼ੀ ਜਨ ਸਮਰਥਨ ਮੌਜੂਦ ਹੈ।ਸੂਬਾ-ਵਾਰ ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ 72 ਫੀਸਦੀ ਲੋਕ ਪਾਬੰਦੀ ਜਾਰੀ ਰੱਖਣ ਦੇ ਹੱਕ ਵਿੱਚ ਹਨ। ਓਨਟਾਰੀਓ ਅਤੇ ਐਟਲਾਂਟਿਕ ਸੂਬਿਆਂ ਵਿੱਚ ਇਹ ਅੰਕੜਾ 69 ਫੀਸਦੀ ਅਤੇ ਮੈਨਿਟੋਬਾ ਵਿੱਚ 63 ਫੀਸਦੀ ਰਿਹਾ।ਸਰਵੇਖਣ ਵਿੱਚ ਉਮਰ ਅਨੁਸਾਰ ਵੀ ਵੱਡਾ ਫਰਕ ਸਾਹਮਣੇ ਆਇਆ। 60 ਸਾਲ ਤੋਂ ਵੱਧ ਉਮਰ ਦੇ 78 ਫੀਸਦੀ ਲੋਕਾਂ ਨੇ ਅਮਰੀਕੀ ਸ਼ਰਾਬ ਦਾ ਵਿਰੋਧ ਕੀਤਾ, ਜਦਕਿ 30 ਤੋਂ 44 ਸਾਲ ਦੀ ਉਮਰ ਵਾਲਿਆਂ ਵਿੱਚ ਇਹ ਅੰਕੜਾ 60 ਫੀਸਦੀ ਰਿਹਾ।
















