ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਸ਼ੁਰੂ, ਕੈਲਗਰੀ ਵਿੱਚ ਲੰਮੀਆਂ ਕਤਾਰਾਂ

Advance voting for Alberta’s referendum began in Calgary on October 13, with long queues and waiting times of up to 90 minutes or more at several polling stations.

ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਸ਼ੁਰੂ, ਕੈਲਗਰੀ ਵਿੱਚ ਲੰਮੀਆਂ ਕਤਾਰਾਂ

ਕੈਲਗਰੀ-ਕੈਨੇਡਾ ਦੇ ਅਲਬਰਟਾ ਸੂਬੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਲਈ ਅਗਾਊਂ ਵੋਟਿੰਗ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਪਹਿਲੇ ਦਿਨ ਕੈਲਗਰੀ ਦੇ ਕਈ ਵੋਟਿੰਗ ਕੇਂਦਰਾਂ ’ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਕੁਝ ਕੇਂਦਰਾਂ ’ਤੇ ਵੋਟ ਪਾਉਣ ਲਈ ਡੇਢ ਘੰਟੇ ਦੇ ਕਰੀਬ ਉਡੀਕ ਕਰਨੀ ਪਈ, ਜਦਕਿ ਕਈ ਥਾਵਾਂ ’ਤੇ ਇਸ ਤੋਂ ਵੀ ਵੱਧ ਸਮਾਂ ਲੱਗਣ ਦੀ ਸੰਭਾਵਨਾ ਜਤਾਈ ਗਈ।
ਇੱਕ ਵੋਟਰ ਨੇ ਦੱਸਿਆ ਕਿ ਉਹ ਸਵੇਰੇ 8:50 ਵਜੇ ਵੋਟਿੰਗ ਕੇਂਦਰ ਪਹੁੰਚਿਆ ਸੀ ਅਤੇ ਸਵੇਰੇ 10:15 ਵਜੇ ਤੱਕ ਉਸ ਦੀ ਵੋਟ ਪਾਉਣ ਦੀ ਪ੍ਰਕਿਰਿਆ ਮੁਕੰਮਲ ਹੋਈ। ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਸਮਾਂ ਹੈ, ਉਹ ਲੰਮੀ ਉਡੀਕ ਕਰ ਸਕਦੇ ਹਨ, ਪਰ ਬੱਚਿਆਂ ਵਾਲੇ ਪਰਿਵਾਰਾਂ ਅਤੇ ਅਪਾਹਜ ਵਿਅਕਤੀਆਂ ਲਈ ਇੰਨਾ ਸਮਾਂ ਕਤਾਰ ਵਿੱਚ ਖੜ੍ਹੇ ਰਹਿਣਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਉਸ ਨੇ ਵੋਟਿੰਗ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਸਮੱਸਿਆ ਪ੍ਰਬੰਧਕੀ ਪ੍ਰਣਾਲੀ ਨਾਲ ਜੁੜੀ ਹੋ ਸਕਦੀ ਹੈ।
ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਵੀ ਲੋਕਾਂ ਨੂੰ ਰੈਫਰੈਂਡਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਸਬੰਧਤ ਸਵਾਲ ਸਮੇਤ ਬਾਕੀ ਨੌਂ ਸਵਾਲਾਂ ’ਤੇ ਵੀ ਹਰ ਕੈਲਗਰੀ ਅਤੇ ਅਲਬਰਟਾ ਵਾਸੀ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ। ਹਾਲਾਂਕਿ, ਉਨ੍ਹਾਂ ਨੇ ਰੈਫਰੈਂਡਮ ਕਰਵਾਉਣ ਦੇ ਮੂਲ ਉਦੇਸ਼ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਨਾਲ ਦੇਸ਼ ਨੂੰ ਤੋੜਨ ਦੀ ਇੱਛਾ ਰੱਖਣ ਵਾਲੇ ਇੱਕ ਛੋਟੇ ਜਿਹੇ ਵਰਗ ਨੂੰ ਬੇਲੋੜੀ ਅਹਿਮੀਅਤ ਮਿਲਦੀ ਹੈ।
ਚੋਣ ਅਧਿਕਾਰੀਆਂ ਅਨੁਸਾਰ, ਅਗਾਊਂ ਵੋਟਿੰਗ ਦੌਰਾਨ ਯੋਗ ਵੋਟਰ ਆਪਣੇ ਚੋਣ ਹਲਕੇ ਦੇ ਕਿਸੇ ਵੀ ਵੋਟਿੰਗ ਕੇਂਦਰ ’ਤੇ ਵੋਟ ਪਾ ਸਕਦੇ ਹਨ, ਬਸ਼ਰਤੇ ਉਨ੍ਹਾਂ ਨੇ ਪਹਿਲਾਂ ਡਾਕ ਰਾਹੀਂ ਵੋਟ ਨਾ ਪਾਈ ਹੋਵੇ। ਵੋਟ ਪਾਉਣ ਲਈ ਪਤੇ ਦੀ ਪੁਸ਼ਟੀ ਕਰਨ ਵਾਲਾ ਪਛਾਣ ਪੱਤਰ ਲਿਆਉਣਾ ਲਾਜ਼ਮੀ ਹੈ। ਅਗਾਊਂ ਵੋਟਿੰਗ ਤੋਂ ਖੁੰਝਣ ਵਾਲੇ ਵੋਟਰਾਂ ਨੂੰ 19 ਅਕਤੂਬਰ ਨੂੰ ਆਪਣੇ ਨਿਰਧਾਰਤ ਵੋਟਿੰਗ ਕੇਂਦਰ ’ਤੇ ਜਾਣਾ ਪਵੇਗਾ।