ਯੂਸੀਪੀ ਸਰਕਾਰ ਨੂੰ ਜਨਤਕ ਸੁਰੱਖਿਆ ਮਜ਼ਬੂਤ ਕਰਨ ਲਈ ਮੋਸ਼ਨ ਦਾ ਸਮਰਥਨ ਕਰਨ ਦੀ ਅਪੀਲ

ਯੂਸੀਪੀ ਸਰਕਾਰ ਨੂੰ ਜਨਤਕ ਸੁਰੱਖਿਆ ਮਜ਼ਬੂਤ ਕਰਨ ਲਈ ਮੋਸ਼ਨ ਦਾ ਸਮਰਥਨ ਕਰਨ ਦੀ ਅਪੀਲ

ਐਡਮੰਟਨ-ਐਡਮੰਟਨ-ਸੈਂਟਰ ਤੋਂ ਵਿਧਾਇਕ ਅਤੇ ਅਲਬਰਟਾ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸਿਜ਼ ਦੇ ਸ਼ੈਡੋ ਮੰਤਰੀ David Shepherd ਵੱਲੋਂ ਸੋਮਵਾਰ, 16 ਮਾਰਚ ਨੂੰ ਵਿਧਾਨ ਸਭਾ ਵਿੱਚ ਪਬਲਿਕ ਸੇਫਟੀ ਮੋਸ਼ਨ 508 ਪੇਸ਼ ਕੀਤਾ ਜਾਵੇਗਾ।

ਮੋਸ਼ਨ ਵਿੱਚ ਵਿਧਾਨ ਸਭਾ ਨੂੰ ਅਪੀਲ ਕੀਤੀ ਗਈ ਹੈ ਕਿ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਸਾਰੇ ਅਲਬਰਟਾਵਾਸੀਆਂ ਲਈ ਪਹਿਲ ਹੋਣੀ ਚਾਹੀਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੁਰਮ ਅਤੇ ਸਮਾਜਕ ਅਵਿਵਸਥਾ ਕਾਰਨ ਕਾਰੋਬਾਰਾਂ ਅਤੇ ਆਮ ਲੋਕਾਂ ਨੂੰ ਵੱਡੇ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਵੱਲੋਂ ਪ੍ਰਯਾਪਤ ਕਦਮ ਨਾ ਚੁੱਕਣ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ।

ਮੋਸ਼ਨ ਰਾਹੀਂ ਇਹ ਵੀ ਮੰਗ ਕੀਤੀ ਗਈ ਹੈ ਕਿ United Conservative Party ਸਰਕਾਰ ਵੱਲੋਂ ਪ੍ਰਸਤਾਵਿਤ ਸੂਬਾਈ ਪੁਲਿਸ ਫੋਰਸ ਲਈ ਰੱਖੇ ਗਏ ਸਾਰੇ ਫੰਡ ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਵੱਲ ਮੋੜੇ ਜਾਣ ਜੋ ਤੁਰੰਤ ਜਨਤਕ ਸੁਰੱਖਿਆ ਵਿੱਚ ਸੁਧਾਰ ਲਿਆ ਸਕਣ।

ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਯੂਸੀਪੀ ਸਰਕਾਰ ਵੱਲੋਂ ਆਪਣੀ ਪ੍ਰਸਤਾਵਿਤ ਸੂਬਾਈ ਪੁਲਿਸ ਫੋਰਸ ਨੂੰ ਲਾਗੂ ਕਰਨ ਲਈ 200 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਮੌਜੂਦਾ ਸਾਲ ਦੇ ਬਜਟ ਵਿੱਚ ਇਸ ਲਈ ਹੋਰ 37 ਮਿਲੀਅਨ ਡਾਲਰ ਰੱਖੇ ਗਏ ਹਨ।

ਡੇਵਿਡ ਸ਼ੈਫਰਡ ਨੇ ਕਿਹਾ ਕਿ ਜੇ ਪ੍ਰੀਮੀਅਰ ਅਤੇ ਉਨ੍ਹਾਂ ਦੀ ਸਰਕਾਰ ਅਲਬਰਟਾਵਾਸੀਆਂ ਦੀ ਸੁਰੱਖਿਆ ਨੂੰ ਸੁਧਾਰਨ ਲਈ ਗੰਭੀਰ ਹੈ ਤਾਂ ਮੋਸ਼ਨ 508 ਦਾ ਸਮਰਥਨ ਕਰਨਾ ਉਨ੍ਹਾਂ ਲਈ ਮੁਸ਼ਕਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੁਲਿਸਿੰਗ ਜਰੂਰੀ ਹੈ ਪਰ ਸਰਕਾਰ ਵੱਲੋਂ ਕਈ ਅਹਿਮ ਪ੍ਰੋਗਰਾਮਾਂ ਅਤੇ ਸਹਾਇਤਾਵਾਂ ਨੂੰ ਘਟਾਇਆ ਜਾ ਰਿਹਾ ਹੈ ਜੋ ਕਮਿਊਨਿਟੀਆਂ ਨੂੰ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਪਬਲਿਕ ਸੇਫਟੀ ਮੋਸ਼ਨ 508 ਸੋਮਵਾਰ ਨੂੰ ਵਿਧਾਨ ਸਭਾ ਵਿੱਚ ਪ੍ਰਾਈਵੇਟ ਮੈਂਬਰਾਂ ਦੇ ਕਾਰੋਬਾਰ ਦੌਰਾਨ ਪੇਸ਼ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ‘ਤੇ ਵੋਟਿੰਗ ਹੋਣ ਦੀ ਸੰਭਾਵਨਾ ਹੈ।