ਅਮਰੀਕਾ ਦੀ ਨਵੀਂ ਸ਼ਰਤ ਨਾਲ ਕੈਨੇਡੀਅਨ ਆਟੋ ਉਦਯੋਗ ਚੌਕਸ

ਅਮਰੀਕਾ ਦੀ ਨਵੀਂ ਸ਼ਰਤ ਨਾਲ ਕੈਨੇਡੀਅਨ ਆਟੋ ਉਦਯੋਗ ਚੌਕਸ

ਓਨਟਾਰੀਓ-ਕੈਨੇਡਾ-ਅਮਰੀਕਾ-ਮੈਕਸਿਕੋ ਵਪਾਰ ਸਮਝੌਤੇ (ਕੁਸਮਾ) ਦੀ ਸਮੀਖਿਆ ਲਈ ਅਮਰੀਕਾ ਅਤੇ ਮੈਕਸਿਕੋ ਵਿਚਕਾਰ ਪਹਿਲੇ ਪੜਾਅ ਦੀਆਂ ਗੱਲਬਾਤਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਅਮਰੀਕਾ ਵੱਲੋਂ ਆਟੋ ਉਦਯੋਗ ਲਈ ਨਵੀਂ ਸ਼ਰਤ ਰੱਖੀ ਗਈ ਹੈ ਕਿ ਉੱਤਰੀ ਅਮਰੀਕਾ ਵਿੱਚ ਤਿਆਰ ਹੋਣ ਵਾਲੀਆਂ ਗੱਡੀਆਂ ਵਿੱਚ ਘੱਟੋ-ਘੱਟ 50 ਫੀਸਦੀ ਅਮਰੀਕੀ ਸਮੱਗਰੀ ਦੀ ਵਰਤੋਂ ਲਾਜ਼ਮੀ ਹੋਵੇ।ਭਾਵੇਂ ਕੈਨੇਡਾ ਹਾਲੇ ਇਨ੍ਹਾਂ ਗੱਲਬਾਤਾਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੋਇਆ, ਪਰ ਇਸ ਪ੍ਰਸਤਾਵ ਨੂੰ ਭਵਿੱਖ ਦੀਆਂ ਕੈਨੇਡਾ-ਅਮਰੀਕਾ ਵਪਾਰਕ ਚਰਚਾਵਾਂ ਲਈ ਇੱਕ ਵੱਡੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਆਟੋਮੋਟਿਵ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਫਲੈਵੀਓ ਵੋਲਪ ਨੇ ਕਿਹਾ ਕਿ ਉਦਯੋਗ 50 ਫੀਸਦੀ ਦੀ ਲਾਜ਼ਮੀ ਹੱਦ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ, ਪਰ ਹਕੀਕਤ ਇਹ ਹੈ ਕਿ ਕੈਨੇਡਾ ਵਿੱਚ ਬਣ ਰਹੀਆਂ ਗੱਡੀਆਂ ਵਿੱਚ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਅਮਰੀਕੀ ਪਾਰਟਸ ਦੀ ਵਰਤੋਂ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ 2019 ਵਿੱਚ ਕੈਨੇਡਾ ਵਿੱਚ ਤਿਆਰ ਹੋਣ ਵਾਲੀਆਂ ਗੱਡੀਆਂ ਵਿੱਚ ਅਮਰੀਕੀ ਸਮੱਗਰੀ ਦਾ ਹਿੱਸਾ 38 ਫੀਸਦੀ ਸੀ, ਜੋ 2024 ਵਿੱਚ ਵੱਧ ਕੇ 50 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਕਾਰਨ ਉਹ ਮੰਨਦੇ ਹਨ ਕਿ ਇਸ ਮਸਲੇ ਦਾ ਕੋਈ ਵਿਹਾਰਕ ਅਤੇ ਦੋਹਾਂ ਪੱਖਾਂ ਲਈ ਲਾਭਦਾਇਕ ਹੱਲ ਨਿਕਲ ਸਕਦਾ ਹੈ।ਵੋਲਪ ਨੇ ਇਹ ਵੀ ਦੱਸਿਆ ਕਿ ਕੈਨੇਡੀਅਨ ਕੰਪਨੀਆਂ ਦੇ 176 ਆਟੋ ਪਾਰਟਸ ਪਲਾਂਟ ਅਮਰੀਕਾ ਦੇ 23 ਰਾਜਾਂ ਵਿੱਚ ਚੱਲ ਰਹੇ ਹਨ, ਜਿੱਥੇ ਕਰੀਬ 48 ਹਜ਼ਾਰ ਅਮਰੀਕੀ ਕਰਮਚਾਰੀ ਕੰਮ ਕਰ ਰਹੇ ਹਨ। ਇਸ ਲਈ ਜੇ ਅਮਰੀਕੀ ਪਾਰਟਸ ਦੀ ਵਰਤੋਂ ਵਧਾਉਣ ਦੀ ਸ਼ਰਤ ਲਾਗੂ ਹੁੰਦੀ ਹੈ ਤਾਂ ਇਸ ਦਾ ਲਾਭ ਕੈਨੇਡੀਅਨ ਕੰਪਨੀਆਂ ਨੂੰ ਵੀ ਮਿਲ ਸਕਦਾ ਹੈ।

ਉਨ੍ਹਾਂ ਕਿਹਾ, “ਜੇ ਅਮਰੀਕੀ ਪਾਰਟਸ ਦੀ ਲਾਜ਼ਮੀ ਸ਼ਰਤ ਲਾਗੂ ਹੁੰਦੀ ਹੈ ਤਾਂ ਅਸੀਂ ਹਾਰਨ ਵਾਲੇ ਨਹੀਂ ਹੋਵਾਂਗੇ, ਕਿਉਂਕਿ ਕਈ ਪਾਰਟਸ ਕੈਨੇਡੀਅਨ ਮਲਕੀਅਤ ਵਾਲੀਆਂ ਕੰਪਨੀਆਂ ਵੱਲੋਂ ਹੀ ਤਿਆਰ ਕੀਤੇ ਜਾਂਦੇ ਹਨ।” ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਕੈਨੇਡਾ-ਅਮਰੀਕਾ ਵਪਾਰਕ ਵਾਰਤਾਵਾਂ ਵਿੱਚ ਆਟੋ ਉਦਯੋਗ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਹੋਵੇਗਾ, ਕਿਉਂਕਿ ਇਹ ਖੇਤਰ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨਾਲ ਗਹਿਰੇ ਤੌਰ ‘ਤੇ ਜੁੜਿਆ ਹੋਇਆ ਹੈ।