ਐਲਪੀਯੂ ’ਚ ਕਥਿਤ ਜਬਰ-ਜਨਾਹ ਦੀ ਅਪੁਸ਼ਟ ਰਿਪੋਰਟ ਮਗਰੋਂ ਵਿਦਿਆਰਥੀਆਂ ਦਾ ਹੰਗਾਮਾ, ਜਾਇਦਾਦ ਨੂੰ ਨੁਕਸਾਨ
Students at Lovely Professional University (LPU), Phagwara, staged a protest on Sunday over an unverified report of an alleged rape of a female student by an outsider.
ਫਗਵਾੜਾ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਕੈਂਪਸ ਵਿੱਚ ਇੱਕ ਬਾਹਰੀ ਵਿਅਕਤੀ ਵੱਲੋਂ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਅਪੁਸ਼ਟ ਰਿਪੋਰਟ ਨੂੰ ਲੈ ਕੇ ਐਤਵਾਰ ਨੂੰ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਕੈਂਪਸ ਵਿੱਚ ਕੁਝ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਕੁਝ ਵਸਤਾਂ ਨੂੰ ਅੱਗ ਲਗਾ ਦਿੱਤੀ।
ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਬਾਹਰ ਜਲੰਧਰ-ਫਗਵਾੜਾ ਕੌਮੀ ਮਾਰਗ ਵੀ ਜਾਮ ਕਰ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਦੱਸਿਆ ਗਿਆ ਹੈ ਕਿ ਵਿਰੋਧ ਦੀ ਸ਼ੁਰੂਆਤ ਲੜਕੀਆਂ ਦੇ ਹੋਸਟਲ ਨੇੜੇ ਹੋਈ ਅਤੇ ਬਾਅਦ ਵਿੱਚ ਵੱਖ-ਵੱਖ ਹੋਸਟਲਾਂ ਦੇ ਵਿਦਿਆਰਥੀ ਇਸ ਵਿੱਚ ਸ਼ਾਮਲ ਹੋ ਗਏ।
ਰਾਤ ਕਰੀਬ 2 ਵਜੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਯੂਨੀਵਰਸਿਟੀ ਦੇ ਮੁੱਖ ਗੇਟ ਵੱਲ ਵਧੇ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ ਅਤੇ ਕੈਂਪਸ ਵਿੱਚ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ।
ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਯੂਨੀਵਰਸਿਟੀ ਵਿੱਚ ਜਬਰ-ਜਨਾਹ ਸਬੰਧੀ ਕਿਸੇ ਵੀ ਸ਼ਿਕਾਇਤ ਦੀ ਪੁਸ਼ਟੀ ਨਹੀਂ ਕੀਤੀ ਸੀ। ਇਸ ਤੋਂ ਇੱਕ ਦਿਨ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਵਿੱਚ ਵੀ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।
















