ਦੁਨੀਆ ਦੀਆਂ ਮਸ਼ਹੂਰ ਪਹਾੜੀ ਫ਼ਿਲਮਾਂ ਦੀ ਸਕ੍ਰੀਨਿੰਗ 23 ਅਕਤੂਬਰ ਨੂੰ ਕੇਲੋਨਾ ਵਿੱਚ ਹੋਵੇਗੀ
Elevation Outdoors will host the Vancouver International Mountain Film Festival World Tour at Kelowna Community Theatre on October 23, 2026.
ਕੇਲੋਨਾ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਵਿੱਚ 23 ਅਕਤੂਬਰ ਨੂੰ ਵੈਨਕੂਵਰ ਇੰਟਰਨੈਸ਼ਨਲ ਮਾਊਂਟੇਨ ਫ਼ਿਲਮ ਫੈਸਟੀਵਲ ਦਾ ਵਿਸ਼ਵ ਦੌਰਾ ਕਰਵਾਇਆ ਜਾਵੇਗਾ। ਐਲੀਵੇਸ਼ਨ ਆਊਟਡੋਰਜ਼ ਵੱਲੋਂ ਇਸ ਸਮਾਗਮ ਦਾ ਪ੍ਰਬੰਧ ਕੇਲੋਨਾ ਕਮਿਊਨਿਟੀ ਥੀਏਟਰ ਵਿੱਚ ਕੀਤਾ ਜਾ ਰਿਹਾ ਹੈ।ਸਮਾਗਮ ਦੌਰਾਨ ਦੁਨੀਆ ਭਰ ਦੀਆਂ ਪਹਾੜੀ ਮੁਹਿੰਮਾਂ ਅਤੇ ਸਾਹਸੀ ਖੇਡਾਂ ਨਾਲ ਸਬੰਧਤ ਫ਼ਿਲਮਾਂ ਦਿਖਾਈਆਂ ਜਾਣਗੀਆਂ। ਪ੍ਰਬੰਧਕਾਂ ਅਨੁਸਾਰ, ਦਰਸ਼ਕਾਂ ਨੂੰ ਪਹਾੜਾਂ, ਚੜ੍ਹਾਈ, ਸਾਈਕਲਿੰਗ, ਸਕੀਇੰਗ ਅਤੇ ਹਾਈਕਿੰਗ ਵਰਗੀਆਂ ਗਤੀਵਿਧੀਆਂ ਨਾਲ ਜੁੜੇ ਤਜਰਬਿਆਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।
ਐਲੀਵੇਸ਼ਨ ਆਊਟਡੋਰਜ਼ ਦੇ ਕਾਰਜਕਾਰੀ ਨਿਰਦੇਸ਼ਕ ਮਾਈਕ ਗ੍ਰੀਅਰ ਨੇ ਕਿਹਾ ਕਿ ਹਰ ਸਾਲ ਇਸ ਫ਼ਿਲਮ ਸਮਾਗਮ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਅਨੁਸਾਰ, ਸਾਹਸੀ ਖੇਡਾਂ ਨੌਜਵਾਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ, ਆਤਮ-ਵਿਸ਼ਵਾਸ ਅਤੇ ਦ੍ਰਿੜ੍ਹਤਾ ਪੈਦਾ ਕਰਦੀਆਂ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਭਾਈਚਾਰਕ ਸਾਂਝ ਅਤੇ ਆਜ਼ਾਦੀ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ।23 ਅਕਤੂਬਰ ਨੂੰ ਸ਼ਾਮ 6 ਵਜੇ ਸਮਾਗਮ ਦੀ ਸ਼ੁਰੂਆਤ ਲਾਈਵ ਸੰਗੀਤ ਅਤੇ ਭਾਈਚਾਰਕ ਸੰਸਥਾਵਾਂ ਦੇ ਸਟਾਲਾਂ ਨਾਲ ਹੋਵੇਗੀ। ਇਸ ਮੌਕੇ ਇਨਾਮੀ ਡਰਾਅ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਪੈਟਾਗੋਨੀਆ ਕੇਲੋਨਾ ਵੱਲੋਂ 1,000 ਡਾਲਰ ਦੇ ਉਤਪਾਦ ਜਿੱਤਣ ਦਾ ਮੌਕਾ ਮਿਲੇਗਾ। ਫ਼ਿਲਮਾਂ ਦੀ ਸਕ੍ਰੀਨਿੰਗ ਸ਼ਾਮ 7 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕੇਲੋਨਾ ਦੇ ਵਿਸ਼ੇਸ਼ ਪੈਰਾ-ਐਲਪਾਈਨ ਸਕੀਅਰ ਸੈਮੂਅਲ ਪੀਟਰਜ਼ ਦੀ ਵਿਸ਼ੇਸ਼ ਪੇਸ਼ਕਾਰੀ ਵੀ ਹੋਵੇਗੀ।
ਸਮਾਗਮ ਤੋਂ ਹੋਣ ਵਾਲੀ ਆਮਦਨ ਐਲੀਵੇਸ਼ਨ ਆਊਟਡੋਰਜ਼ ਨੂੰ ਦਿੱਤੀ ਜਾਵੇਗੀ। ਇਹ ਕੇਲੋਨਾ ਸਥਿਤ ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਵੱਖ-ਵੱਖ ਮੁਸ਼ਕਲਾਂ ਕਾਰਨ ਬਾਹਰੀ ਖੇਡਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਨਾ ਲੈ ਸਕਣ ਵਾਲੇ ਨੌਜਵਾਨਾਂ ਨੂੰ ਸਿਖਲਾਈ, ਮਾਰਗਦਰਸ਼ਨ ਅਤੇ ਜੀਵਨ-ਕੌਸ਼ਲ ਵਿਕਸਤ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ।ਸਮਾਗਮ ਦੀਆਂ ਟਿਕਟਾਂ 40 ਡਾਲਰ ਵਿੱਚ ਆਨਲਾਈਨ ਉਪਲਬਧ ਹਨ।
















