ਕੇਲੋਨਾ ਦੀ ਕੰਪਨੀ ਵਾਟਰਪਲੇ ਨੇ ਜਿੱਤੇ ਦੋ ਕੌਮਾਂਤਰੀ ਪੁਰਸਕਾਰ

Kelowna-based aquatic play company Waterplay won two Leading Edge Awards at the World Waterpark Association’s annual event in Las Vegas, held October 6–9, 2026.

ਕੇਲੋਨਾ ਦੀ ਕੰਪਨੀ ਵਾਟਰਪਲੇ ਨੇ ਜਿੱਤੇ ਦੋ ਕੌਮਾਂਤਰੀ ਪੁਰਸਕਾਰ

ਕੇਲੋਨਾ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੇਲੋਨਾ ਸਥਿਤ ਜਲ-ਮਨੋਰੰਜਨ ਉਪਕਰਨ ਬਣਾਉਣ ਵਾਲੀ ਕੰਪਨੀ ਵਾਟਰਪਲੇ ਨੇ ਦੋ ਕੌਮਾਂਤਰੀ ਪੁਰਸਕਾਰ ਜਿੱਤੇ ਹਨ। ਕੰਪਨੀ ਨੂੰ ਇਹ ਸਨਮਾਨ 6 ਤੋਂ 9 ਅਕਤੂਬਰ ਤੱਕ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਵਿੱਚ ਹੋਏ ਵਿਸ਼ਵ ਵਾਟਰਪਾਰਕ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਦੌਰਾਨ ਮਿਲੇ।

ਵਾਟਰਪਲੇ ਨੂੰ ਵੀਅਤਨਾਮ ਵਿੱਚ ਤਿਆਰ ਕੀਤੇ ਦੋ ਜਲ-ਮਨੋਰੰਜਨ ਸਥਾਨਾਂ, ਸਨ ਵਰਲਡ ਵੁੰਗ ਤਾਊ ਅਤੇ ਐਕੁਆਟੋਪੀਆ ਵਾਟਰ ਪਾਰਕ ਵਿੱਚ ਕੀਤੇ ਕੰਮ ਲਈ ‘ਲੀਡਿੰਗ ਐੱਜ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਜਲ-ਮਨੋਰੰਜਨ ਉਦਯੋਗ ਵਿੱਚ ਨਵੀਆਂ ਕਾਢਾਂ, ਤਕਨੀਕੀ ਵਿਕਾਸ, ਰਚਨਾਤਮਕਤਾ ਅਤੇ ਸੈਲਾਨੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਵਾਲੇ ਯੋਗਦਾਨ ਲਈ ਦਿੱਤੇ ਜਾਂਦੇ ਹਨ।

ਵਾਟਰਪਲੇ ਦੀ ਪ੍ਰਧਾਨ ਜਿਲ ਵ੍ਹਾਈਟ ਨੇ ਕਿਹਾ ਕਿ ਦੋ ਪੁਰਸਕਾਰ ਮਿਲਣਾ ਕੰਪਨੀ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵੀਅਤਨਾਮ ਵਿੱਚ ਕੰਪਨੀ ਦੇ ਕੰਮ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਪਿਛਲੇ ਸਾਲ ਵੀ ਵੀਅਤਨਾਮ ਦੇ ਇੱਕ ਹੋਰ ਪ੍ਰਾਜੈਕਟ ਲਈ ਕੰਪਨੀ ਨੂੰ ਸਨਮਾਨ ਮਿਲਿਆ ਸੀ।

ਸਨ ਵਰਲਡ ਵੁੰਗ ਤਾਊ ਜਲ-ਮਨੋਰੰਜਨ ਪਾਰਕ 15 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਇਹ ਵੀਅਤਨਾਮ ਦੇ ਸਭ ਤੋਂ ਵੱਡੇ ਅਤੇ ਤਕਨੀਕੀ ਪੱਖੋਂ ਉੱਨਤ ਸਮੁੰਦਰੀ ਤੱਟੀ ਜਲ-ਪਾਰਕਾਂ ਵਿੱਚੋਂ ਇੱਕ ਹੈ। ਇੱਥੇ 20 ਮੁੱਖ ਮਨੋਰੰਜਨ ਆਕਰਸ਼ਣ ਅਤੇ ਲਗਭਗ 100 ਵਾਟਰ ਸਲਾਈਡਾਂ ਹਨ। ਇਸ ਪਾਰਕ ਵਿੱਚ ਓਕਾਨਾਗਨ ਝੀਲ ਦੇ ਪ੍ਰਸਿੱਧ ਕਾਲਪਨਿਕ ਸਮੁੰਦਰੀ ਜੀਵ ‘ਓਗੋਪੋਗੋ’ ਨੂੰ ਵੀ ਦਰਸਾਇਆ ਗਿਆ ਹੈ।

ਦੂਜੇ ਪਾਸੇ, ਐਕੁਆਟੋਪੀਆ ਵਾਟਰ ਪਾਰਕ ਅੱਠ ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਛੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ 20 ਤੋਂ ਵੱਧ ਮਨੋਰੰਜਨ ਆਕਰਸ਼ਣ ਹਨ। ਵਾਟਰਪਲੇ ਵੱਲੋਂ ਤਿਆਰ ਕੀਤੇ ਪਾਣੀ ਦੇ ਛਿੜਕਾਅ ਵਾਲੇ ਖੇਡ ਖੇਤਰ ਬੱਚਿਆਂ ਅਤੇ ਪਰਿਵਾਰਾਂ ਲਈ ਮਨੋਰੰਜਨ ਦੇ ਵਿਸ਼ੇਸ਼ ਤਜਰਬੇ ਪ੍ਰਦਾਨ ਕਰਦੇ ਹਨ।