ਅਲਬਰਟਾ ਵਿੱਚ ਤੇਲ-ਗੈਸ ਕਰਮਚਾਰੀਆਂ ਨਾਲ ਭਰੀ ਬੱਸ ਪਲਟੀ, 4 ਦੀ ਹਾਲਤ ਗੰਭੀਰ
ਅਲਬਰਟਾ : ਗ੍ਰੈਂਡ ਪ੍ਰੇਰੀ ਦੇ ਉੱਤਰ-ਪੱਛਮੀ ਇਲਾਕੇ ਵਿੱਚ ਬੁੱਧਵਾਰ ਸਵੇਰੇ ਤੇਲ ਅਤੇ ਗੈਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਚਾਰ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਹੋਰ ਸਵਾਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਪੁਲਿਸ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7 ਵਜੇ ਹਾਈਵੇ-672 ‘ਤੇ ਵਾਪਰਿਆ। ਬੱਸ ਸੜਕ ਤੋਂ ਬਾਹਰ ਨਿਕਲ ਕੇ ਖੱਡ ਵਿੱਚ ਜਾ ਡਿੱਗੀ ਅਤੇ ਪਲਟਦੇ ਹੋਏ ਮੁੜ ਸੜਕ ‘ਤੇ ਆ ਗਈ। ਬੱਸ ਵਿੱਚ ਕੁੱਲ 17 ਯਾਤਰੀ ਸਵਾਰ ਸਨ, ਜੋ ਸਾਰੇ ਤੇਲ ਅਤੇ ਗੈਸ ਖੇਤਰ ਨਾਲ ਸਬੰਧਤ ਕਰਮਚਾਰੀ ਦੱਸੇ ਜਾ ਰਹੇ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਟੀਮਾਂ ਅਤੇ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਕੁਝ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਐਕਿਊਟ ਕੇਅਰ ਅਲਬਰਟਾ ਮੁਤਾਬਕ ਚਾਰ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਪ੍ਰਾਰੰਭਿਕ ਜਾਂਚ ਦੌਰਾਨ ਦੱਸਿਆ ਕਿ ਹਾਦਸੇ ਵਿੱਚ ਨਾ ਤਾਂ ਸ਼ਰਾਬ, ਨਾ ਤੇਜ਼ ਰਫ਼ਤਾਰ ਅਤੇ ਨਾ ਹੀ ਮੌਸਮ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ।
















