ਗੋਲੀ ਲੱਗਣ ਕਾਰਨ 20 ਸਾਲਾ ਵਿਅਕਤੀ ਦੀ ਮੌਤ
ਬਰੈਂਪਟਨ-ਬਰੈਂਪਟਨ ਦੇ ਇਕ ਘਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਗੋਲੀ ਲੱਗਣ ਕਾਰਨ 20 ਸਾਲਾ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਸ਼ਾਮ ਕਰੀਬ 5:30 ਵਜੇ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੂੰ ਮਿਲੀ।
ਪੁਲਿਸ ਅਨੁਸਾਰ ਇਹ ਘਟਨਾ ਬ੍ਰੈਮਲੀ ਰੋਡ ਦੇ ਪੂਰਬ ਵੱਲ ਡਰੈਟਫੋਰਡ ਰੋਡ ਅਤੇ ਬਾਲਮੋਰਲ ਡਰਾਈਵ ਇਲਾਕੇ ਦੇ ਇਕ ਘਰ ਵਿੱਚ ਵਾਪਰੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਇਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੀਲ ਪੁਲਿਸ ਦੇ ਮੀਡੀਆ ਰਿਲੇਸ਼ਨਜ਼ ਅਫ਼ਸਰ ਕਾਂਸਟੇਬਲ ਟਾਈਲਰ ਬੈਲ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਘਟਨਾ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਆਪਣੇ 30ਵਿਆਂ ਵਿੱਚ ਉਮਰ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲੇ ਦੀ ਜਾਂਚ ਜਾਰੀ ਹੈ।
















