ਪੰਜਾਬ ਭਾਜਪਾ ਦੀ ਕੋਰ ਕਮੇਟੀ ਮੀਟਿੰਗ ’ਚ ਸੂਬੇ ਨਾਲ ਜੁੜੇ ਮੁੱਦਿਆਂ ’ਤੇ ਹੋਵੇਗੀ ਚਰਚਾ : ਜਾਖੜ
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 1 ਫਰਵਰੀ ਨੂੰ ਹੋਣ ਵਾਲੇ ਪੰਜਾਬ ਦੌਰੇ ਤੋਂ ਇਕ ਦਿਨ ਪਹਿਲਾਂ ਅੱਜ ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸ਼ਾਮਲ ਹੋਣ ਉਪਰੰਤ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੀਟਿੰਗ ਦੌਰਾਨ ਪੰਜਾਬ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਲਕੇ (1 ਫਰਵਰੀ) ਜਾਲੰਧਰ ਦੌਰੇ ਨੂੰ ਲੈ ਕੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾ ਰਹੀ ਹੈ ਅਤੇ ਪਾਰਟੀ ਦੀ ਆਗਾਮੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਕਾਂਗਰਸ ਪਾਰਟੀ ’ਤੇ ਤੰਜ ਕੱਸਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਮੌਜੂਦਾ ਹਾਲਤ ਇਹ ਹੈ ਕਿ ਉਸਨੂੰ ਹੋਰ ਰੈਲੀਆਂ ਕਰਨ ਦੀ ਬਜਾਏ ਪਹਿਲਾਂ ‘ਕਾਂਗਰਸ ਬਚਾਓ’ ਰੈਲੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੇ ਕਈ ਵੱਡੇ ਆਗੂ ਸਿਆਸੀ ਮੰਚਾਂ ਤੋਂ ਗਾਇਬ ਨਜ਼ਰ ਆ ਸਕਦੇ ਹਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਦਾ ਹਵਾਲਾ ਦਿੰਦਿਆਂ ਜਾਖੜ ਨੇ ਕਿਹਾ ਕਿ ਯੂਰਪੀ ਸਮਝੌਤੇ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਪ੍ਰਧਾਨ ਮੰਤਰੀ ਦੀ ਸਿਫ਼ਤ ਕਾਂਗਰਸ ਅੰਦਰ ਮਚੀ ਖ਼ਲਬਲੀ ਨੂੰ ਸਾਫ਼ ਦਰਸਾਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਅੰਦਰੂਨੀ ਹਾਲਾਤ ਠੀਕ ਨਹੀਂ ਹਨ ਅਤੇ ਪਾਰਟੀ ਵਿੱਚ ਵੱਡੀ ਟੁੱਟ-ਭੱਜ ਦੇ ਸੰਕੇਤ ਮਿਲ ਰਹੇ ਹਨ।
















