ਪ੍ਰੋ ਲੀਗ ਦਾ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ’ਚ ਹੋਵੇਗਾ ਸ਼ੁਰੂ

ਪ੍ਰੋ ਲੀਗ ਦਾ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ’ਚ ਹੋਵੇਗਾ ਸ਼ੁਰੂ

ਨਵੀਂ ਦਿੱਲੀ-ਆਗਾਮੀ ਪ੍ਰੋ ਲੀਗ ਸੀਜ਼ਨ ਤੋਂ ਪਹਿਲਾਂ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਸਮੇਤ ਤਿੰਨ ਹਾਕੀ ਖਿਡਾਰੀਆਂ ਨੂੰ ਸੰਭਾਵੀ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਰੱਖਣ ਦਾ ਫੈਸਲਾ ਕਈਆਂ ਲਈ ਹੈਰਾਨੀਜਨਕ ਰਿਹਾ ਹੈ। ਟੀਮ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਫੈਸਲਾ ਪਿਛਲੇ ਸਾਲ ਦਸੰਬਰ ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ ਸਾਹਮਣੇ ਆਏ ਅਨੁਸ਼ਾਸਨੀ ਮਾਮਲੇ ਕਾਰਨ ਲਿਆ ਗਿਆ ਸੀ।

ਸੂਤਰਾਂ ਅਨੁਸਾਰ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਉਸੇ ਦੌਰੇ ਦੌਰਾਨ ਲਿਆ ਗਿਆ। ਦੱਸਿਆ ਗਿਆ ਹੈ ਕਿ ਦੱਖਣੀ ਅਫਰੀਕਾ ਦੌਰੇ ਦੌਰਾਨ ਅਨੁਸ਼ਾਸਨਹੀਣਤਾ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇਕ ਹੋਰ ਖਿਡਾਰੀ ਵੀ ਸ਼ਾਮਲ ਸੀ, ਜਿਸ ਦਾ ਨਾਂ ਜਾਹਿਰ ਨਹੀਂ ਕੀਤਾ ਗਿਆ।

ਸੂਤਰਾਂ ਨੇ ਦੱਸਿਆ ਕਿ ਬਾਅਦ ਵਿੱਚ ਸੰਬੰਧਿਤ ਖਿਡਾਰੀਆਂ ਵੱਲੋਂ ਆਪਣੇ ਸਾਥੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥ ਖੁਆਉਣ ਦੇ ਮਾਮਲੇ ’ਚ ਮੁਆਫ਼ੀ ਮੰਗੀ ਗਈ ਸੀ, ਪਰ ਟੀਮ ਪ੍ਰਬੰਧਨ ਵੱਲੋਂ ਆਉਣ ਵਾਲੇ ਕੈਂਪ ਤੋਂ ਉਨ੍ਹਾਂ ਨੂੰ ਬਾਹਰ ਰੱਖਣ ਦਾ ਫੈਸਲਾ ਟੀਮ ਮੀਟਿੰਗ ਦੌਰਾਨ ਸੁਣਾਇਆ ਗਿਆ।

ਇਸ ਦਰਮਿਆਨ ਹਾਕੀ ਇੰਡੀਆ ਵੱਲੋਂ ਸੰਭਾਵੀ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰੋ ਲੀਗ ਦਾ ਨਵਾਂ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ਵਿੱਚ ਸ਼ੁਰੂ ਹੋਵੇਗਾ।

ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਦੀ ਸਹਿ-ਕਪਤਾਨੀ ਹੇਠ ਰਾਂਚੀ ਰਾਇਲਜ਼ ਦੀ ਟੀਮ ਹਾਲ ਹੀ ਵਿੱਚ ਹਾਕੀ ਇੰਡੀਆ ਲੀਗ ਦੇ ਫਾਈਨਲ ਤੱਕ ਪਹੁੰਚੀ ਸੀ ਅਤੇ ਟੂਰਨਾਮੈਂਟ ਦੌਰਾਨ ਉਸ ਦਾ ਪ੍ਰਦਰਸ਼ਨ ਵੀ ਕਾਬਲੇ-ਤਾਰੀਫ਼ ਰਿਹਾ, ਜਿਸ ਕਾਰਨ ਉਸਨੂੰ ਟੀਮ ਤੋਂ ਬਾਹਰ ਰੱਖਣ ਦੇ ਫੈਸਲੇ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।