ਮੈਨੀਟੋਬਾ ਲੇਬਰ ਬੋਰਡ ਵੱਲੋਂ ਹੜਤਾਲੀ ਲੈਬ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਜਾਣ ਦੇ ਹੁਕਮ

The Manitoba Labour Board has ordered approximately 350 striking laboratory workers at 22 Dynacare labs across the province to return to work from Wednesday, bringing a province-wide strike to an end on the same day it began.

ਮੈਨੀਟੋਬਾ ਲੇਬਰ ਬੋਰਡ ਵੱਲੋਂ ਹੜਤਾਲੀ ਲੈਬ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਜਾਣ ਦੇ ਹੁਕਮ

ਵਿਨੀਪੈਗ-ਮੈਨੀਟੋਬਾ ਵਿੱਚ ਮੈਡੀਕਲ ਡਾਇਗਨੋਸਟਿਕ ਟੈਸਟਿੰਗ ਕਰਨ ਵਾਲੇ ਸੈਂਕੜੇ ਲੈਬ ਕਰਮਚਾਰੀਆਂ ਵੱਲੋਂ ਮੰਗਲਵਾਰ ਸਵੇਰੇ ਸ਼ੁਰੂ ਕੀਤੀ ਗਈ ਸੂਬਾ-ਵਿਆਪੀ ਹੜਤਾਲ ਨੂੰ ਮੈਨੀਟੋਬਾ ਲੇਬਰ ਬੋਰਡ ਨੇ ਦਿਨ ਦੇ ਅੰਤ ਤੱਕ ਰੋਕਦਿਆਂ ਕਰਮਚਾਰੀਆਂ ਨੂੰ ਮੁੜ ਕੰਮ ’ਤੇ ਵਾਪਸ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹਨ।ਹੜਤਾਲੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਦੱਸਿਆ ਕਿ ਮੈਨੀਟੋਬਾ ਲੇਬਰ ਬੋਰਡ ਨੇ ਸੂਬੇ ਭਰ ਦੀਆਂ 22 ਡਾਇਨਾਕੇਅਰ ਲੈਬਾਂ ਵਿੱਚ ਕੰਮ ਕਰਦੇ ਲਗਭਗ 350 ਕਰਮਚਾਰੀਆਂ ਨੂੰ ਬੁੱਧਵਾਰ ਤੋਂ ਮੁੜ ਕੰਮ ’ਤੇ ਪਰਤਣ ਦਾ ਹੁਕਮ ਦਿੱਤਾ ਹੈ।

ਇਹ ਫ਼ੈਸਲਾ ਉਸ ਤੋਂ ਬਾਅਦ ਆਇਆ ਜਦੋਂ ਪ੍ਰੀਮੀਅਰ ਵਾਬ ਕਿਨਿਊ ਦੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਲੇਬਰ ਬੋਰਡ ਅੱਗੇ ਦਲੀਲ ਦਿੱਤੀ ਕਿ ਇਹ ਕਰਮਚਾਰੀ ਸਿਹਤ ਪ੍ਰਣਾਲੀ ਦੇ ਸੁਚਾਰੂ ਕੰਮਕਾਜ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਨੂੰ ਹੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਮੈਨੀਟੋਬਾ ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੇ ਪ੍ਰਧਾਨ ਜੇਸਨ ਲਿੰਕਲੇਟਰ ਨੇ ਕਿਹਾ ਕਿ ਯੂਨੀਅਨ ਲੇਬਰ ਬੋਰਡ ਦੇ ਹੁਕਮ ਦੀ ਪਾਲਣਾ ਕਰੇਗੀ, ਹਾਲਾਂਕਿ ਉਹ ਅਗਲੇ ਕਦਮਾਂ ਲਈ ਆਪਣੇ ਕਾਨੂੰਨੀ ਅਤੇ ਹੋਰ ਵਿਕਲਪਾਂ ਦੀ ਜਾਂਚ ਕਰ ਰਹੀ ਹੈ।

ਲਿੰਕਲੇਟਰ ਨੇ ਕਿਹਾ ਕਿ ਇਸ ਮਾਮਲੇ ਕਾਰਨ ਐਨਡੀਪੀ ਸਰਕਾਰ ਪ੍ਰਤੀ ਕਰਮਚਾਰੀਆਂ ਦਾ ਭਰੋਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਸਰਕਾਰ ਆਪਣੇ ਖਰਚੇ ਬਚਾਉਣ ਲਈ ਲੈਬ ਪੇਸ਼ੇਵਰਾਂ ਦੇ ਹੱਕਾਂ ਨੂੰ ਸੀਮਤ ਕਰ ਸਕਦੀ ਹੈ ਤਾਂ ਭਵਿੱਖ ਵਿੱਚ ਹੋਰ ਮੈਨੀਟੋਬਾ ਕਰਮਚਾਰੀਆਂ ਨਾਲ ਵੀ ਅਜਿਹਾ ਕੀਤਾ ਜਾ ਸਕਦਾ ਹੈ।ਸੂਬਾਈ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਲੇਬਰ ਬੋਰਡ ਕੋਲ ਜਾਣ ਦਾ ਉਸ ਦਾ ਮੁੱਖ ਮਕਸਦ ਜ਼ਰੂਰੀ ਸਿਹਤ ਸੇਵਾਵਾਂ ਨੂੰ ਜਾਰੀ ਰੱਖਣਾ ਹੈ। ਸਰਕਾਰ ਨੇ ਡਾਇਨਾਕੇਅਰ ਨੂੰ ਵੀ ਯੂਨੀਅਨ ਨਾਲ ਮੁੜ ਗੱਲਬਾਤ ਦੀ ਮੇਜ਼ ’ਤੇ ਆਉਣ ਲਈ ਉਤਸ਼ਾਹਿਤ ਕੀਤਾ ਹੈ।

ਡਾਇਨਾਕੇਅਰ ਸੂਬਾਈ ਸਰਕਾਰ ਨਾਲ ਠੇਕੇ ਤਹਿਤ ਕੰਮ ਕਰਨ ਵਾਲੀ ਇੱਕ ਨਿੱਜੀ ਕੰਪਨੀ ਹੈ। ਇਹ ਮੈਨੀਟੋਬਾ ਵਿੱਚ ਰੁਟੀਨ ਲੈਬ ਟੈਸਟਾਂ ਲਈ ਖੂਨ ਦੇ ਨਮੂਨੇ, ਪਿਸ਼ਾਬ ਦੀ ਜਾਂਚ ਅਤੇ ਗਰਭਵਤੀ ਮਹਿਲਾਵਾਂ ਨਾਲ ਸਬੰਧਤ ਟੈਸਟਾਂ ਸਮੇਤ ਕਈ ਸੇਵਾਵਾਂ ਦੀ ਮੁੱਖ ਪ੍ਰਦਾਤਾ ਹੈ।ਕੰਪਨੀ ਨੇ ਲੇਬਰ ਬੋਰਡ ਵੱਲੋਂ ਤੁਰੰਤ ਕਾਰਵਾਈ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਅਗਲੀ ਨਿਰਧਾਰਤ ਸ਼ਿਫਟ ਤੋਂ ਕੰਮ ’ਤੇ ਵਾਪਸ ਆਉਣ ਲਈ ਸੂਚਿਤ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਵਾਪਸੀ ਦੌਰਾਨ ਉਹ ਆਪਣੇ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਵੇਗੀ।