ਅਲਬਰਟਾ ’ਚ ਨਵੇਂ ਸਕੂਲੀ ਸਾਲ ਲਈ ਰਿਕਾਰਡ 10.8 ਅਰਬ ਡਾਲਰ ਦਾ ਸਿੱਖਿਆ ਫੰਡ

ਅਲਬਰਟਾ ’ਚ ਨਵੇਂ ਸਕੂਲੀ ਸਾਲ ਲਈ ਰਿਕਾਰਡ 10.8 ਅਰਬ ਡਾਲਰ ਦਾ ਸਿੱਖਿਆ ਫੰਡ

ਅਲਬਰਟਾ, 5 ਸਤੰਬਰ: ਅਲਬਰਟਾ ਸਰਕਾਰ ਨੇ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਮੌਕੇ ਸਿੱਖਿਆ ਖੇਤਰ ਲਈ ਰਿਕਾਰਡ 10.8 ਅਰਬ ਡਾਲਰ ਦੇ ਫੰਡ ਦਾ ਐਲਾਨ ਕੀਤਾ ਹੈ। ਸਰਕਾਰ ਮੁਤਾਬਕ ਇਹ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਤੋਂ ਵੱਧ ਵਾਧਾ ਹੈ। ਇਸ ਰਾਹੀਂ ਵਧੇਰੇ ਅਧਿਆਪਕਾਂ ਦੀ ਭਰਤੀ, ਕਲਾਸਰੂਮਾਂ ਵਿੱਚ ਵਾਧੂ ਸਹਾਇਤਾ ਅਤੇ ਨਵੇਂ ਕਲਾਸਰੂਮ ਬਣਾਉਣ ’ਤੇ ਧਿਆਨ ਦਿੱਤਾ ਜਾਵੇਗਾ।ਸਰਕਾਰ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਅਲਬਰਟਾ ਦੇ ਸਕੂਲਾਂ ਵਿੱਚ ਕਰੀਬ 90,000 ਨਵੇਂ ਵਿਦਿਆਰਥੀ ਸ਼ਾਮਲ ਹੋਏ ਹਨ, ਜਿਸ ਕਾਰਨ ਸਕੂਲਾਂ ’ਤੇ ਵਧਦਾ ਦਬਾਅ ਬਣਿਆ ਹੈ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਨੇ ਸਿੱਖਿਆ ਪ੍ਰਣਾਲੀ ਨੂੰ ਹੋਰ ਸਹਾਇਤਾ ਦੇਣ ਦੀ ਲੋੜ ਬਾਰੇ ਸਰਕਾਰ ਨੂੰ ਦੱਸਿਆ ਸੀ ਅਤੇ ਸਰਕਾਰ ਨੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਸਕੂਲੀ ਸਾਲ ਵਿੱਚ ਵਾਧੂ ਸਰੋਤ ਮੁਹੱਈਆ ਕਰਵਾਏ ਹਨ।ਪਤਝੜ 2025 ਵਿੱਚ ਸੂਬੇ ਭਰ ਦੇ 1,08,000 ਕਲਾਸਰੂਮਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ’ਤੇ ਸਰਕਾਰ ਨੇ ਉਨ੍ਹਾਂ ਸਕੂਲਾਂ ਵਿੱਚ ਨਿਵੇਸ਼ ਵਧਾਉਣ ਦਾ ਫੈਸਲਾ ਕੀਤਾ ਹੈ ਜਿੱਥੇ ਕਲਾਸਾਂ ਦਾ ਆਕਾਰ ਵੱਡਾ ਹੈ ਜਾਂ ਵਿਦਿਆਰਥੀਆਂ ਦੀਆਂ ਲੋੜਾਂ ਵਧੇਰੇ ਗੁੰਝਲਦਾਰ ਹਨ।ਸਕੂਲ ਬੋਰਡਾਂ ਨੂੰ 218 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ, ਜਿਸ ਨਾਲ 699 ਕਲਾਸਰੂਮ ਜਟਿਲਤਾ ਟੀਮਾਂ ਬਣਾਈਆਂ ਜਾਣੀਆਂ ਹਨ। ਇਨ੍ਹਾਂ ਵਿੱਚੋਂ 566 ਟੀਮਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ।

ਇਨ੍ਹਾਂ ਟੀਮਾਂ ਵਿੱਚ ਅਧਿਆਪਕਾਂ ਅਤੇ ਸਿੱਖਿਆ ਸਹਾਇਕਾਂ ਦੇ ਨਾਲ ਲੋੜ ਅਨੁਸਾਰ ਵਿਵਹਾਰਕ ਥੈਰੇਪਿਸਟ ਅਤੇ ਭਾਸ਼ਾ ਮਾਹਿਰ ਵਰਗੇ ਵਿਸ਼ੇਸ਼ ਪੇਸ਼ੇਵਰ ਵੀ ਸ਼ਾਮਲ ਹੋ ਸਕਦੇ ਹਨ। ਇਹ ਟੀਮਾਂ ਅਧਿਆਪਕਾਂ ਦੇ ਨਾਲ ਮਿਲ ਕੇ ਗੁੰਝਲਦਾਰ ਕਲਾਸਰੂਮਾਂ ਅਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਲੋੜਾਂ ਨਾਲ ਨਜਿੱਠਣ ਵਿੱਚ ਮਦਦ ਕਰਨਗੀਆਂ।ਪੇਂਡੂ ਅਤੇ ਦੂਰ-ਦਰਾਜ਼ ਖੇਤਰਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਹਾਇਤਾ ਅਤੇ ਸਿਖਲਾਈ ਵਾਸਤੇ ਹੋਰ 25 ਮਿਲੀਅਨ ਡਾਲਰ ਰੱਖੇ ਗਏ ਹਨ।ਇਨ੍ਹਾਂ ਨਿਵੇਸ਼ਾਂ ਤਹਿਤ ਹੁਣ ਤੱਕ 566 ਨਵੇਂ ਅਧਿਆਪਕ ਅਤੇ 1,044 ਨਵੇਂ ਸਿੱਖਿਆ ਸਹਾਇਕ ਭਰਤੀ ਕੀਤੇ ਜਾ ਚੁੱਕੇ ਹਨ। ਸਕੂਲੀ ਸਾਲ ਦੌਰਾਨ ਹੋਰ ਭਰਤੀਆਂ ਵੀ ਹੋਣ ਦੀ ਉਮੀਦ ਹੈ।ਮਈ ਵਿੱਚ ਐਲਾਨ ਕੀਤੀ ਗਈ 200 ਮਿਲੀਅਨ ਡਾਲਰ ਦੀ ਕਲਾਸ ਸਾਈਜ਼ ਰਿਡਕਸ਼ਨ ਗ੍ਰਾਂਟ ਰਾਹੀਂ ਵੀ ਸੂਬੇ ਭਰ ਵਿੱਚ ਹੋਰ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ।

ਰਿਪੋਰਟ ਮੁਤਾਬਕ ਸਕੂਲ ਬੋਰਡਾਂ ਨੇ ਨਵੇਂ ਸਕੂਲੀ ਸਾਲ ਲਈ ਕੇ ਤੋਂ ਗ੍ਰੇਡ 9 ਤੱਕ 1,090 ਨਵੇਂ ਅਧਿਆਪਕ ਭਰਤੀ ਕੀਤੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਵਧੇਰੇ ਵਿਅਕਤੀਗਤ ਧਿਆਨ ਮਿਲਣ ਦੀ ਉਮੀਦ ਹੈ।ਸਰਕਾਰ ਮੁਤਾਬਕ ਕੁੱਲ ਮਿਲਾ ਕੇ 2,127 ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ। ਇਨ੍ਹਾਂ ਵਿੱਚ 566 ਅਧਿਆਪਕ ਕਲਾਸਰੂਮ ਜਟਿਲਤਾ ਟੀਮਾਂ ਰਾਹੀਂ, 1,090 ਕਲਾਸ ਸਾਈਜ਼ ਰਿਡਕਸ਼ਨ ਗ੍ਰਾਂਟ ਰਾਹੀਂ ਅਤੇ 471 ਅਧਿਆਪਕ 2025-26 ਦੇ ਆਮ ਭਰਤੀ ਪ੍ਰੋਗਰਾਮ ਤਹਿਤ ਰੱਖੇ ਗਏ ਹਨ।

ਵਿਦਿਆਰਥੀਆਂ ਲਈ ਨਵੀਆਂ ਥਾਵਾਂ ਜਲਦ ਮੁਹੱਈਆ ਕਰਵਾਉਣ ਲਈ ਅਲਬਰਟਾ ਸਰਕਾਰ ਸਕੂਲਾਂ ਦੀ ਉਸਾਰੀ ਅਤੇ ਨਵੀਨੀਕਰਨ ਦੀ ਰਫ਼ਤਾਰ ਵਧਾ ਰਹੀ ਹੈ।ਸਤੰਬਰ 2024 ਵਿੱਚ ਸ਼ੁਰੂ ਕੀਤੇ ਗਏ 8.6 ਅਰਬ ਡਾਲਰ ਦੇ ‘ਸਕੂਲਜ਼ ਨਾਊ’ ਪ੍ਰੋਗਰਾਮ ਤਹਿਤ ਹੁਣ ਤੱਕ 17 ਸਕੂਲ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਨਾਲ 11,874 ਨਵੀਆਂ ਜਾਂ ਨਵੀਨੀਕਰਨ ਕੀਤੀਆਂ ਵਿਦਿਆਰਥੀ ਥਾਵਾਂ ਉਪਲਬਧ ਹੋਈਆਂ ਹਨ।

ਇਸ ਤੋਂ ਇਲਾਵਾ 85 ਨਵੇਂ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ ਅਤੇ 74 ਪ੍ਰਾਜੈਕਟਾਂ ਦੀ ਰਫ਼ਤਾਰ ਵਧਾਈ ਗਈ ਹੈ। ਸਰਕਾਰ ਮੁਤਾਬਕ ਇਸ ਨਾਲ ਕੁਝ ਪ੍ਰਾਜੈਕਟਾਂ ਦੀ ਉਸਾਰੀ ਵਿੱਚ ਪੂਰਾ ਇੱਕ ਸਕੂਲੀ ਸਾਲ ਤੱਕ ਦਾ ਸਮਾਂ ਬਚ ਸਕਦਾ ਹੈ।ਇਸ ਵੇਲੇ ਸੂਬੇ ਵਿੱਚ ਕੁੱਲ 156 ਸਕੂਲ ਪ੍ਰਾਜੈਕਟ ਸਰਗਰਮੀ ਨਾਲ ਚੱਲ ਰਹੇ ਹਨ।ਤੁਰੰਤ ਕਲਾਸਰੂਮਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਸਾਲ ਸਰਕਾਰ 200 ਮਿਲੀਅਨ ਡਾਲਰ ਖਰਚ ਕਰੇਗੀ। ਇਸ ਨਾਲ ਲਗਭਗ 5,900 ਵਿਦਿਆਰਥੀ ਥਾਵਾਂ ਬਣਾਉਣ ਦਾ ਟੀਚਾ ਹੈ।

ਇਸ ਤਹਿਤ 194 ਨਵੇਂ ਮਾਡਿਊਲਰ ਕਲਾਸਰੂਮ, 7 ਬਦਲਵੇਂ ਕਲਾਸਰੂਮ ਅਤੇ 35 ਥਾਵਾਂ ’ਤੇ ਮਾਡਿਊਲਰ ਕਲਾਸਰੂਮਾਂ ਦੀ ਤਬਦੀਲੀ ਕੀਤੀ ਜਾਵੇਗੀ।ਇਹ ਨਿਵੇਸ਼ ਪਿਛਲੇ ਸਾਲ ਕੀਤੇ ਗਏ 100 ਮਿਲੀਅਨ ਡਾਲਰ ਦੇ ਮਾਡਿਊਲਰ ਕਲਾਸਰੂਮ ਨਿਵੇਸ਼ ਤੋਂ ਇਲਾਵਾ ਹੈ। 2025-26 ਦੇ ਇਸ ਨਿਵੇਸ਼ ਨਾਲ ਸੂਬੇ ਭਰ ਵਿੱਚ ਕਰੀਬ 100 ਮਾਡਿਊਲਰ ਕਲਾਸਰੂਮ ਬਣੇ, ਜਿਨ੍ਹਾਂ ਨਾਲ 3,100 ਤੋਂ ਵੱਧ ਵਿਦਿਆਰਥੀ ਥਾਵਾਂ ਉਪਲਬਧ ਹੋਈਆਂ।