ਸਿੱਖ ਕਾਂਸਟੇਬਲ ਨੇ ਰਚਿਆ ਇਤਿਹਾਸ, ਐਡਿਨਬਰਗ ਪਰੇਡ ’ਚ ਵੈਨਕੂਵਰ ਪੁਲਿਸ ਬੈਂਡ ਦੀ ਕੀਤੀ ਅਗਵਾਈ

ਸਿੱਖ ਕਾਂਸਟੇਬਲ ਨੇ ਰਚਿਆ ਇਤਿਹਾਸ, ਐਡਿਨਬਰਗ ਪਰੇਡ ’ਚ ਵੈਨਕੂਵਰ ਪੁਲਿਸ ਬੈਂਡ ਦੀ ਕੀਤੀ ਅਗਵਾਈ

ਚੰਡੀਗੜ੍ਹ-ਕੈਨੇਡਾ ਦੀ ਵੈਨਕੂਵਰ ਪੁਲਿਸ ਵਿਭਾਗ ਨਾਲ ਸਬੰਧਤ ਸਿੱਖ ਕਾਂਸਟੇਬਲ ਸੁਖਵਿੰਦਰ ‘ਸੁਕੀ’ ਸਿੰਘ ਸੁੰਗਰ ਨੇ ਵਿਦੇਸ਼ ਦੀ ਧਰਤੀ ’ਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਂਦਿਆਂ ਇਤਿਹਾਸ ਰਚ ਦਿੱਤਾ ਹੈ।ਸੁਖਵਿੰਦਰ ਸਿੰਘ ਨੇ 2026 ਰੌਇਲ ਐਡਿਨਬਰਗ ਮਿਲਟਰੀ ਟੈਟੂ ਦੌਰਾਨ ਵੈਨਕੂਵਰ ਪੁਲਿਸ ਪਾਈਪ ਬੈਂਡ ਦੀ ਡਰੰਮ ਮੇਜਰ ਵਜੋਂ ਅਗਵਾਈ ਕੀਤੀ।ਉਹ ਇਸ ਸਮਾਗਮ ਵਿੱਚ ਦਸਤਾਰ ਸਜਾ ਕੇ ਡਰੰਮ ਮੇਜਰ ਦੀ ਭੂਮਿਕਾ ਨਿਭਾਉਣ ਵਾਲੇ ਪਹਿਲੇ ਸਿੱਖ ਵਜੋਂ ਸਾਹਮਣੇ ਆਏ ਹਨ।ਸੁਖਵਿੰਦਰ ਸਿੰਘ ਨੇ ਐਡਿਨਬਰਗ ਕੈਸਲ ਦੇ ਐਸਪਲਨੇਡ ’ਤੇ ਵੈਨਕੂਵਰ ਪੁਲਿਸ ਪਾਈਪ ਬੈਂਡ ਦੀ ਅਗਵਾਈ ਕੀਤੀ।

ਇਸ ਮੌਕੇ ਉਨ੍ਹਾਂ ਨੇ ਬੈਂਡ ਦੀ ਰਵਾਇਤੀ ਹਾਈਲੈਂਡ ਪਹਿਰਾਵਾ ਸ਼ੈਲੀ ਵਾਲੀ ਟਾਰਟਨ ਕਿਲਟ ਦੇ ਨਾਲ ਮੇਲ ਖਾਂਦੀ ਦਸਤਾਰ ਸਜਾਈ ਹੋਈ ਸੀ।ਰੌਇਲ ਐਡਿਨਬਰਗ ਮਿਲਟਰੀ ਟੈਟੂ ਦੁਨੀਆ ਭਰ ਦੇ ਫੌਜੀ ਬੈਂਡਾਂ ਅਤੇ ਸੱਭਿਆਚਾਰਕ ਕਲਾਕਾਰਾਂ ਦੀਆਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਵਾਲਾ ਪ੍ਰਸਿੱਧ ਸਮਾਗਮ ਹੈ। ਇਸ ਸਾਲ ਦਾ ਸਮਾਗਮ ‘ਏ ਕਾਲ ਟੂ ਗੈਦਰ’ ਥੀਮ ਹੇਠ ਕਰਵਾਇਆ ਗਿਆ।ਇਹ ਸਮਾਗਮ 7 ਤੋਂ 29 ਅਗਸਤ ਤੱਕ ਚੱਲਿਆ, ਜਿਸ ਵਿੱਚ ਕਈ ਦੇਸ਼ਾਂ ਦੇ ਪਾਈਪ ਅਤੇ ਡਰੰਮ ਬੈਂਡਾਂ ਨੇ ਹਿੱਸਾ ਲਿਆ।

ਸੁਖਵਿੰਦਰ ਸਿੰਘ ਦੀ ਇਹ ਉਪਲਬਧੀ ਨਾ ਸਿਰਫ਼ ਵੈਨਕੂਵਰ ਪੁਲਿਸ ਲਈ, ਸਗੋਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।ਦਸਤਾਰ ਅਤੇ ਸਿੱਖ ਪਛਾਣ ਨੂੰ ਕਾਇਮ ਰੱਖਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਅਜਿਹੀ ਮਹੱਤਵਪੂਰਨ ਭੂਮਿਕਾ ਨਿਭਾਉਣਾ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਵੀ ਦਰਸਾਉਂਦਾ ਹੈ।