ਚੰਡੀਗੜ੍ਹ: ਭੂਮੀ ਮਾਫੀਆ ਵੱਲੋਂ ਪਹਾੜੀਆਂ ਦੀ ਕਟਾਈ ਤੇ ਮੌਸਮੀ ਨਾਲੇ ਦਾ ਰੁਖ ਮੋੜਨ ਦੇ ਦੋਸ਼

ਚੰਡੀਗੜ੍ਹ: ਭੂਮੀ ਮਾਫੀਆ ਵੱਲੋਂ ਪਹਾੜੀਆਂ ਦੀ ਕਟਾਈ ਤੇ ਮੌਸਮੀ ਨਾਲੇ ਦਾ ਰੁਖ ਮੋੜਨ ਦੇ ਦੋਸ਼

ਚੰਡੀਗੜ੍ਹਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਖਰੜ ਹਲਕੇ ਦੇ ਮਾਜਰੀ ਬਲਾਕ ਅਧੀਨ ਪਿੰਡ ਮਿਰਜ਼ਾਪੁਰ ਵਿੱਚ ਭੂਮੀ ਮਾਫੀਆ ਵੱਲੋਂ ਜ਼ਮੀਨ ਦੀ ਲੁੱਟ ਅਤੇ ਵਾਤਾਵਰਣੀ ਨੁਕਸਾਨ ਦੇ ਗੰਭੀਰ ਦੋਸ਼ ਲਗਾਏ ਹਨ।

ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਥਾਨਕ ਪ੍ਰਤੀਨਿਧੀਆਂ ਨਾਲ ਸਾਈਟ ਦਾ ਨਿਰੀਖਣ ਕਰਨ ਉਪਰੰਤ ਜੋਸ਼ੀ ਨੇ ਕਿਹਾ ਕਿ ਭੂਮੀ ਮਾਫੀਆ ਪਾਬੰਦੀਆਂ ਦੇ ਬਾਵਜੂਦ ਪਹਾੜੀਆਂ ਨੂੰ ਕੱਟ ਕੇ ਪੱਧਰਾ ਕਰ ਰਹੇ ਹਨ, ਜੰਗਲਾਤ ਜ਼ਮੀਨ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਗੈਰ-ਕਾਨੂੰਨੀ ਤੌਰ ‘ਤੇ ਪਲਾਟਾਂ ਅਤੇ ਫਾਰਮ ਹਾਊਸਾਂ ਦੀ ਵਿਕਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਕੁਦਰਤੀ ਮੌਸਮੀ ਨਾਲੇ ਦਾ ਰੁਖ ਮੋੜ ਕੇ ਗੈਰ-ਕਾਨੂੰਨੀ ਤੌਰ ‘ਤੇ ਵਿਕਸਤ ਕੀਤੀਆਂ ਜਾਇਦਾਦਾਂ ਲਈ ਪਹੁੰਚ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਲੰਬੇ ਸਮੇਂ ਲਈ ਵਾਤਾਵਰਣ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।

ਜੋਸ਼ੀ ਨੇ ਕਿਹਾ ਕਿ ਮਾਈਨਿੰਗ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮਾਲੀਆ, ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗਾਂ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਗੈਰ-ਕਾਨੂੰਨੀ ਪੱਧਰੀਕਰਨ, ਰੁੱਖਾਂ ਦੀ ਕਟਾਈ ਅਤੇ ਜ਼ਮੀਨ ਦੀ ਵਾੜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਵਿਵਾਦਿਤ ਜ਼ਮੀਨ “ਮੁਸ਼ਤਰਕਾ-ਮਲਕਨ” ਹੈ ਜਿਸ ਵਿੱਚ ਕਰੀਬ 500 ਹਿੱਸੇਦਾਰ ਹਨ ਅਤੇ ਕਾਨੂੰਨੀ ਤੌਰ ‘ਤੇ ਵੰਡ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਕਿ ਰਸਮੀ ਵੰਡ ਤੋਂ ਬਿਨਾਂ ਕੋਈ ਵੀ ਇਕੱਲੇ ਹਿੱਸੇਦਾਰ ਤੋਂ ਖਰੀਦ ਦੇ ਆਧਾਰ ‘ਤੇ ਮਾਲਕੀ ਦਾ ਦਾਅਵਾ ਕਿਵੇਂ ਕਰ ਸਕਦਾ ਹੈ ਜਾਂ ਪਲਾਟ ਵੇਚ ਸਕਦਾ ਹੈ।

ਭਾਜਪਾ ਆਗੂ ਮੁਤਾਬਕ ਪਿੰਡ ਵਾਸੀਆਂ ਨੇ ਐਸਐਚਓ, ਡੀਐਸਪੀ ਅਤੇ ਐਸਐਸਪੀ ਸਮੇਤ ਪੁਲਿਸ ਅਧਿਕਾਰੀਆਂ ਕੋਲ ਧੋਖਾਧੜੀ ਦੀਆਂ ਸ਼ਿਕਾਇਤਾਂ ਦਿੱਤੀਆਂ ਪਰ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪੀ ‘ਤੇ ਸਵਾਲ ਉਠਾਉਂਦੇ ਹੋਏ 20 ਮਈ 2025 ਦੀ ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਜਾਂਚ ਅਤੇ ਗ੍ਰਿਫਤਾਰੀਆਂ ਦੀ ਮੰਗ ਕੀਤੀ ਹੈ। ਨਾਲ ਹੀ ਸਿਵਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗੈਰ-ਕਾਨੂੰਨੀ ਜ਼ਮੀਨੀ ਗਤੀਵਿਧੀਆਂ ਨੂੰ ਤੁਰੰਤ ਰੋਕ ਕੇ ਜਨਤਕ ਅਤੇ ਵਾਤਾਵਰਣ ਹਿੱਤਾਂ ਦੀ ਰੱਖਿਆ ਕੀਤੀ ਜਾਵੇ।