ਕੈਨੇਡਾ-ਅਮਰੀਕਾ ਵਪਾਰ ਜੰਗ ਭਖੀ, ਬੀ.ਸੀ. ਸਰਕਾਰ ਲਗਾਏਗੀ ‘ਕਦੇ ਵੀ 51ਵਾਂ ਸੂਬਾ ਨਹੀਂ’ ਵਾਲੇ ਸਾਈਨ

British Columbia Premier David Eby has announced plans to install new signs at border crossings with the United States declaring that B.C. will “never be the 51st state.” The move comes amid escalating Canada-U.S. trade tensions and follows Canada’s latest retaliatory tariffs on American goods.

ਕੈਨੇਡਾ-ਅਮਰੀਕਾ ਵਪਾਰ ਜੰਗ ਭਖੀ, ਬੀ.ਸੀ. ਸਰਕਾਰ ਲਗਾਏਗੀ ‘ਕਦੇ ਵੀ 51ਵਾਂ ਸੂਬਾ ਨਹੀਂ’ ਵਾਲੇ ਸਾਈਨ

ਵਿਕਟੋਰੀਆ-ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੀ ਵਪਾਰਕ ਜੰਗ ਦਰਮਿਆਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅਮਰੀਕੀ ਸਰਹੱਦ ਨਾਲ ਲੱਗਦੇ ਪ੍ਰਵੇਸ਼ ਲਾਂਘਿਆਂ ’ਤੇ ਨਵੇਂ ਸਾਈਨ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਸਾਈਨਾਂ ’ਤੇ ਬ੍ਰਿਟਿਸ਼ ਕੋਲੰਬੀਆ ਨੂੰ ‘ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ’ ਦੱਸਿਆ ਜਾਵੇਗਾ।ਈਬੀ ਨੇ ਮੰਗਲਵਾਰ ਨੂੰ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਕੈਨੇਡਾ ਵੱਲੋਂ ਅਮਰੀਕੀ ਵਸਤੂਆਂ ’ਤੇ ਲਗਾਏ ਗਏ ਨਵੇਂ ਜਵਾਬੀ ਟੈਰਿਫ ਲਾਗੂ ਹੋ ਗਏ। ਉਨ੍ਹਾਂ ਕਿਹਾ ਕਿ ਭਾਵੇਂ ਸਾਈਨਾਂ ਦਾ ਸੁਨੇਹਾ ਹਲਕੇ-ਫੁਲਕੇ ਅੰਦਾਜ਼ ਵਿੱਚ ਹੈ, ਪਰ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੀ ਵਪਾਰਕ ਜੰਗ ਦੇ ਆਰਥਿਕ ਪ੍ਰਭਾਵ ਬਿਲਕੁਲ ਗੰਭੀਰ ਹਨ।

ਈਬੀ ਨੇ ਵਿਕਟੋਰੀਆ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਵਪਾਰਕ ਜੰਗ ਕਾਰਨ ਸਰਹੱਦ ਦੇ ਦੋਵਾਂ ਪਾਸਿਆਂ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ ਅਤੇ ਕਾਰੋਬਾਰ ਬੰਦ ਹੋ ਸਕਦੇ ਹਨ। ਉਨ੍ਹਾਂ ਕੈਨੇਡੀਅਨਾਂ ਨੂੰ ਜਿੱਥੇ ਸੰਭਵ ਹੋਵੇ, ਕੈਨੇਡੀਅਨ ਉਤਪਾਦ ਖਰੀਦਣ ਦੀ ਅਪੀਲ ਕੀਤੀ।ਬੀ.ਸੀ. ਸਰਕਾਰ ਵੱਲੋਂ ਲਗਾਏ ਜਾਣ ਵਾਲੇ ਸਾਈਨਾਂ ’ਤੇ ਲਿਖਿਆ ਹੋਵੇਗਾ— “ਬੀ.ਸੀ., ਕੈਨੇਡਾ ਵਿੱਚ ਤੁਹਾਡਾ ਸਵਾਗਤ ਹੈ। ਮਜ਼ਬੂਤ, ਮਾਣਮੱਤਾ ਅਤੇ ਕਦੇ ਵੀ 51ਵਾਂ ਸੂਬਾ ਨਹੀਂ। ਮੁਆਫ਼ ਕਰਨਾ।” ਈਬੀ ਨੇ ਇਸ ਮੌਕੇ ਲਾਲ ਅਤੇ ਕਾਲੇ ਰੰਗ ਦੀ ਫਲੈਨਲ ਕਮੀਜ਼ ਪਹਿਨੀ ਹੋਈ ਸੀ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਇਸ ਨੂੰ ‘ਸੈਲਮੋ ਡਿਨਰ ਜੈਕਟ’ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਕੋਲ ਮੌਜੂਦ ਸਭ ਤੋਂ ਵੱਧ ਕੈਨੇਡੀਅਨ ਪਹਿਰਾਵਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਦਿਖਾਏ ਗਏ ਸਾਈਨ ਦੇ ਨਮੂਨੇ ਵਿੱਚ ਯਾਤਰੀਆਂ ਲਈ ਹੋਰ ਸੁਨੇਹੇ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਕੂੜਾ ਨਾ ਸੁੱਟਣ, ਮੂਸ (ਜੰਗਲੀ ਹਿਰਨ) ਤੋਂ ਸਾਵਧਾਨ ਰਹਿਣ ਅਤੇ ਕੈਂਪਫਾਇਰ ਪਾਬੰਦੀਆਂ ਦੀ ਪਾਲਣਾ ਕਰਨ ਵਰਗੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਕੈਨੇਡੀਅਨਾਂ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।ਬੀ.ਸੀ. ਸਰਕਾਰ ਆਪਣੇ ‘ਬਾਇ ਬੀ.ਸੀ.’ ਪ੍ਰੋਗਰਾਮ ਨੂੰ ਵੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਸਥਾਨਕ ਤੌਰ ’ਤੇ ਤਿਆਰ ਕੀਤੇ ਉਤਪਾਦ ਅਤੇ ਸੇਵਾਵਾਂ ਖਰੀਦਣ ਲਈ ਉਤਸ਼ਾਹਿਤ ਕੀਤਾ ਜਾਵੇਗਾ।ਈਬੀ ਨੇ ਕਿਹਾ ਕਿ ਸਥਾਨਕ ਖਰੀਦਦਾਰੀ ਦਾ ਮਤਲਬ ਸਿਰਫ਼ ਫਲ ਅਤੇ ਸਬਜ਼ੀਆਂ ਖਰੀਦਣਾ ਨਹੀਂ ਹੈ। ਇਸ ਵਿੱਚ ਬੀ.ਸੀ. ਵਿੱਚ ਤਿਆਰ ਕੀਤੇ ਅਨਾਜ, ਇੱਥੇ ਬਣੀ ਰੋਟੀ, ਸੂਬੇ ਵਿੱਚ ਤਿਆਰ ਕੀਤੀਆਂ ਹੋਰ ਵਸਤੂਆਂ ਅਤੇ ਸਥਾਨਕ ਕਾਰੋਬਾਰੀ ਸੇਵਾਵਾਂ ਦੀ ਚੋਣ ਕਰਨਾ ਵੀ ਸ਼ਾਮਲ ਹੈ।

ਈਬੀ ਨੇ ਕਿਹਾ ਕਿ ਬੀ.ਸੀ. ਸਰਕਾਰ ਇਸ ਪੂਰੇ ਮਾਮਲੇ ਦੌਰਾਨ ਓਟਾਵਾ ਅਤੇ ਹੋਰ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਖ ਨੇ ਵਪਾਰਕ ਜੰਗ ਨਹੀਂ ਚਾਹੀ ਸੀ ਅਤੇ ਇਸ ਦਾ ਸਭ ਤੋਂ ਵੱਧ ਅਸਰ ਸਰਹੱਦ ਦੇ ਦੋਵਾਂ ਪਾਸਿਆਂ ਕੰਮਕਾਜੀ ਪਰਿਵਾਰਾਂ ’ਤੇ ਪਵੇਗਾ।ਈਬੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ਲੈ ਕੇ ਕੀਤੀਆਂ ਸੋਸ਼ਲ ਮੀਡੀਆ ਟਿੱਪਣੀਆਂ ਅਤੇ ਵਪਾਰਕ ਕਦਮਾਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਇਹ ਵਪਾਰਕ ਜੰਗ ਸ਼ੁਰੂ ਨਹੀਂ ਕੀਤੀ, ਪਰ ਇਸ ਦੇ ਨਤੀਜੇ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਆਮ ਲੋਕਾਂ ਨੂੰ ਭੁਗਤਣੇ ਪੈਣਗੇ।ਬੀ.ਸੀ. ਸਰਕਾਰ ਵੱਲੋਂ ਸਰਹੱਦ ’ਤੇ ਲਗਾਏ ਜਾਣ ਵਾਲੇ ਨਵੇਂ ਸਾਈਨ ਜਿੱਥੇ ਕੈਨੇਡਾ ਦੀ ਪ੍ਰਭੂਸੱਤਾ ਅਤੇ ਸੂਬੇ ਦੀ ਪਛਾਣ ਦਾ ਸੁਨੇਹਾ ਦੇਣਗੇ, ਉੱਥੇ ਸਰਕਾਰ ਵੱਲੋਂ ਸਥਾਨਕ ਉਤਪਾਦਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਵੀ ਤੇਜ਼ ਕੀਤੀ ਜਾ ਰਹੀ ਹੈ।