ਸ਼ੂਗਰ ਮਰੀਜ਼ਾਂ ਲਈ ਵੱਡੀ ਰਾਹਤ: ਓਜ਼ੈਮਪਿਕ ਦੀ ਜੈਨਰਿਕ ਦਵਾਈ ਨੂੰ ਹਰੀ ਝੰਡੀ
ਓਟਵਾ-ਕੈਨੇਡਾ ਵਿੱਚ ਮਸ਼ਹੂਰ ਦਵਾਈ ਓਜ਼ੈਮਪਿਕ ਦੇ ਪਹਿਲੇ ਜੈਨਰਿਕ ਵਰਜ਼ਨ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕੈਨੇਡਾ ਜੀ-7 ਦੇਸ਼ਾਂ ਵਿੱਚੋਂ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਜੈਨਰਿਕ ਸੈਮਾਗਲੂਟਾਈਡ ਨੂੰ ਮਨਜ਼ੂਰੀ ਦਿੱਤੀ ਹੈ।ਇਹ ਇੰਜੈਕਸ਼ਨ ਰੂਪ ਵਿੱਚ ਦਿੱਤੀ ਜਾਣ ਵਾਲੀ ਦਵਾਈ ਭਾਰਤ ਦੀ ਪ੍ਰਸਿੱਧ ਫਾਰਮਾ ਕੰਪਨੀ ਡਾ. ਰੈਡੀਜ਼ ਲੈਬੋਰੇਟਰੀਜ਼ ਵੱਲੋਂ ਤਿਆਰ ਕੀਤੀ ਗਈ ਹੈ। ਇਸ ਨੂੰ ਬਾਲਗਾਂ ਵਿੱਚ ਟਾਈਪ-2 ਡਾਇਬਟੀਜ਼ ਦੇ ਇਲਾਜ ਲਈ ਹਫ਼ਤੇ ਵਿੱਚ ਇੱਕ ਵਾਰ ਵਰਤਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਸਿਹਤ ਵਿਭਾਗ ਦੇ ਅਨੁਸਾਰ, ਜੈਨਰਿਕ ਦਵਾਈਆਂ ਆਮ ਤੌਰ ‘ਤੇ ਬ੍ਰਾਂਡ ਨਾਂ ਵਾਲੀਆਂ ਦਵਾਈਆਂ ਨਾਲੋਂ 45 ਤੋਂ 90 ਫੀਸਦੀ ਤੱਕ ਸਸਤੀਆਂ ਹੁੰਦੀਆਂ ਹਨ। ਓਜ਼ੈਮਪਿਕ ਦੀ ਉੱਚ ਕੀਮਤ ਕਾਰਨ ਬਿਨਾਂ ਇਨਸ਼ੋਰੈਂਸ ਵਾਲੇ ਮਰੀਜ਼ ਲੰਮੇ ਸਮੇਂ ਤੋਂ ਇਸ ਦੇ ਸਸਤੇ ਵਿਕਲਪ ਦੀ ਉਡੀਕ ਕਰ ਰਹੇ ਸਨ।ਹਾਲਾਂਕਿ ਇਹ ਦਵਾਈ ਮੁੱਖ ਤੌਰ ‘ਤੇ ਸ਼ੂਗਰ ਦੇ ਇਲਾਜ ਲਈ ਵਰਤੀ ਜਾਂਦੀ ਹੈ, ਪਰ ਕਈ ਮਾਮਲਿਆਂ ਵਿੱਚ ਇਸਦਾ ਇਸਤੇਮਾਲ ਵਜ਼ਨ ਘਟਾਉਣ ਲਈ ਵੀ ਕੀਤਾ ਜਾਂਦਾ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਹੋਰ ਕੰਪਨੀਆਂ ਵੱਲੋਂ ਜੈਨਰਿਕ ਵਰਜ਼ਨ ਬਾਜ਼ਾਰ ਵਿੱਚ ਆਉਣਗੇ, ਕੀਮਤਾਂ ਵਿੱਚ ਹੋਰ ਵੀ ਕਮੀ ਆ ਸਕਦੀ ਹੈ। ਅੰਦਾਜ਼ੇ ਮੁਤਾਬਕ ਪਹਿਲੀ ਜੈਨਰਿਕ ਦਵਾਈ ਦੀ ਕੀਮਤ ਬ੍ਰਾਂਡ ਨਾਲੋਂ 75 ਤੋਂ 85 ਫੀਸਦੀ ਘੱਟ ਹੋ ਸਕਦੀ ਹੈ, ਜਦਕਿ ਭਵਿੱਖ ਵਿੱਚ ਇਹ ਘਟ ਕੇ 35 ਫੀਸਦੀ ਤੱਕ ਵੀ ਆ ਸਕਦੀ ਹੈ।ਸਰਕਾਰ ਦਾ ਕਹਿਣਾ ਹੈ ਕਿ ਜੈਨਰਿਕ ਦਵਾਈਆਂ ਦੀ ਉਪਲਬਧਤਾ ਨਾਲ ਨਾ ਸਿਰਫ਼ ਮਰੀਜ਼ਾਂ ਨੂੰ ਆਰਥਿਕ ਰਾਹਤ ਮਿਲੇਗੀ, ਸਗੋਂ ਸਿਹਤ ਪ੍ਰਣਾਲੀ ‘ਤੇ ਪੈਣ ਵਾਲਾ ਵਿੱਤੀ ਬੋਝ ਵੀ ਘਟੇਗਾ।
















