ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਲੀ ਫੇਅਰਕਲਾਫ ਦੀ ਐਂਟਰੀ

ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਲੀ ਫੇਅਰਕਲਾਫ ਦੀ ਐਂਟਰੀ

ਟੋਰਾਂਟੋ-ਓਨਟਾਰੀਓ ਲਿਬਰਲ ਪਾਰਟੀ ਦੀ ਵਿਧਾਇਕ ਲੀ ਫੇਅਰਕਲਾਫ ਨੇ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਅਧਿਕਾਰਕ ਤੌਰ ’ਤੇ ਦਾਖਲਾ ਲੈ ਲਿਆ ਹੈ। 2025 ਦੀ ਸਨੈਪ ਚੋਣ ਦੌਰਾਨ ਫੇਅਰਕਲਾਫ ਨੇ ਇਟੋਬੀਕੋ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਹਰਾਕੇ ਜਿੱਤ ਦਰਜ ਕੀਤੀ ਸੀ। ਇਹ ਉਹੀ ਇਲਾਕਾ ਹੈ ਜਿੱਥੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਰਹਿੰਦੇ ਹਨ। ਉਹ ਪਹਿਲੀ ਵਾਰ ਐਮਪੀਪੀ ਬਣੀ ਸੀ।

ਲੀ ਫੇਅਰਕਲਾਫ ਨੇ ਕਿਹਾ ਕਿ ਜੇਕਰ ਉਹ ਪਾਰਟੀ ਦੀ ਨਵੀਂ ਲੀਡਰ ਬਣਦੀ ਹੈ ਤਾਂ ਉਹ ਮਹਿੰਗਾਈ ਘਟਾਉਣ, ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਨੂੰ ਪਹਿਲ ਦੇਵੇਗੀ।

ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਿਹਤ ਸੇਵਾ, ਸਿੱਖਿਆ ਅਤੇ ਚੰਗੀਆਂ ਨੌਕਰੀਆਂ ਵਰਗੇ ਬੁਨਿਆਦੀ ਮੁੱਦੇ ਪਿੱਛੇ ਛੱਡੇ ਜਾ ਰਹੇ ਹਨ ਅਤੇ ਸਰਕਾਰ ਨੂੰ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਸਾਬਕਾ ਕੈਨੇਡੀਅਨ ਮਹਿਲਾ ਰਗਬੀ ਟੀਮ ਦੀ ਮੈਂਬਰ ਰਹਿ ਚੁੱਕੀ ਫੇਅਰਕਲਾਫ ਕੋਲ ਸਿਹਤ ਖੇਤਰ ਦਾ ਲੰਮਾ ਤਜਰਬਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਉਹ ਕਿਚਨਰ ਦੇ ਸੇਂਟ ਮੇਰੀਜ਼ ਜਨਰਲ ਹਸਪਤਾਲ ਦੀ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ।

ਉਨ੍ਹਾਂ ਵਾਅਦਾ ਕੀਤਾ ਕਿ ਉਹ ਹਸਪਤਾਲਾਂ ਵਿੱਚ ਲੰਬੇ ਇੰਤਜ਼ਾਰ ਸਮੇਂ ਨੂੰ ਘਟਾਉਣ, ਮਾਨਸਿਕ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਅਤੇ ਸਕੂਲਾਂ ਵਿੱਚ ਛੋਟੀਆਂ ਕਲਾਸਾਂ ਯਕੀਨੀ ਬਣਾਉਣ ਲਈ ਕੰਮ ਕਰੇਗੀ।ਜ਼ਿਕਰਯੋਗ ਹੈ ਕਿ ਓਨਟਾਰੀਓ ਲਿਬਰਲ ਪਾਰਟੀ ਦਾ ਨਵਾਂ ਲੀਡਰ ਇਸ ਸਾਲ ਨਵੰਬਰ ਵਿੱਚ ਚੁਣਿਆ ਜਾਵੇਗਾ।