ਕੈਨੇਡਾ ’ਚ ਟ੍ਰੀਟੀ 6 ਦੀ 150ਵੀਂ ਵਰ੍ਹੇਗੰਢ ਮਨਾਈ ਜਾਵੇਗੀ

ਕੈਨੇਡਾ ’ਚ ਟ੍ਰੀਟੀ 6 ਦੀ 150ਵੀਂ ਵਰ੍ਹੇਗੰਢ ਮਨਾਈ ਜਾਵੇਗੀ

ਡਕ ਲੇਕ-ਕੈਨੇਡਾ ਦੀ ਇਤਿਹਾਸਕ ਟ੍ਰੀਟੀ 6 ਦੀ 150ਵੀਂ ਵਰ੍ਹੇਗੰਢ ਮੌਕੇ ਸਸਕੈਚਵਨ ਦੇ ਫੋਰਟ ਕਾਰਲਟਨ ਹਿਸਟੋਰਿਕ ਪਾਰਕ ਵਿੱਚ ਐਤਵਾਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਿਆਸਤਦਾਨਾਂ, ਸਰਕਾਰੀ ਨੁਮਾਇੰਦਿਆਂ, ਫਰਸਟ ਨੇਸ਼ਨਜ਼ ਦੇ ਮੁਖੀਆਂ ਅਤੇ ਬਜ਼ੁਰਗਾਂ ਦੇ ਇਕੱਠੇ ਹੋਣ ਦੀ ਉਮੀਦ ਹੈ।ਟ੍ਰੀਟੀ 6 ’ਤੇ 150 ਸਾਲ ਪਹਿਲਾਂ ਫਰਸਟ ਨੇਸ਼ਨਜ਼ ਦੇ ਮੁਖੀਆਂ ਅਤੇ ਹੋਰ ਆਗੂਆਂ ਨੇ ਫੋਰਟ ਕਾਰਲਟਨ ਵਿਖੇ ਸਮਝੌਤਾ ਕੀਤਾ ਸੀ। ਇਹ ਕੈਨੇਡਾ ਬਣਨ ਤੋਂ ਕੁਝ ਹੀ ਸਮੇਂ ਬਾਅਦ ਹੋਏ 11 ਇਤਿਹਾਸਕ ਸਮਝੌਤਿਆਂ ਵਿੱਚੋਂ ਛੇਵੀਂ ਟ੍ਰੀਟੀ ਸੀ।

ਟ੍ਰੀਟੀ 6 ਅੱਜ ਦੇ ਸਸਕੈਚਵਨ ਅਤੇ ਅਲਬਰਟਾ ਦੇ ਵੱਡੇ ਹਿੱਸੇ ਨੂੰ ਕਵਰ ਕਰਦੀ ਹੈ। ਉਸ ਸਮੇਂ ਨਾ ਤਾਂ ਅਲਬਰਟਾ ਅਤੇ ਨਾ ਹੀ ਸਸਕੈਚਵਨ ਨੂੰ ਵੱਖਰੇ ਸੂਬਿਆਂ ਵਜੋਂ ਮਾਨਤਾ ਮਿਲੀ ਸੀ।ਫੈਡਰਲ ਕਰਾਊਨ-ਇੰਡੀਜੀਨਸ ਰਿਲੇਸ਼ਨਜ਼ ਮੰਤਰੀ ਰੇਬੇਕਾ ਅਲਟੀ ਨੇ ਕਿਹਾ ਕਿ ਇਹ ਵਰ੍ਹੇਗੰਢ ਟ੍ਰੀਟੀ 6 ਨੇਸ਼ਨਜ਼ ਦੀ ਮਜ਼ਬੂਤੀ ਅਤੇ ਉਨ੍ਹਾਂ ਦੀਆਂ ਰਵਾਇਤਾਂ ਨੂੰ ਸਨਮਾਨ ਦੇਣ ਦਾ ਮਹੱਤਵਪੂਰਨ ਮੌਕਾ ਹੈ।ਉਨ੍ਹਾਂ ਮੰਨਿਆ ਕਿ ਕੈਨੇਡਾ ਸਰਕਾਰ ਇਤਿਹਾਸ ਵਿੱਚ ਹਮੇਸ਼ਾ ਟ੍ਰੀਟੀ ਭਾਈਵਾਲ ਵਜੋਂ ਭਰੋਸੇਯੋਗ ਨਹੀਂ ਰਹੀ ਅਤੇ ਹੁਣ ਹੋਏ ਨੁਕਸਾਨ ਤੇ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਕੰਮ ਕਰਨ ਦੀ ਲੋੜ ਹੈ।

ਸਮਾਗਮ ਦੌਰਾਨ ਗਵਰਨਰ ਜਨਰਲ ਲੁਈਜ਼ ਆਰਬਰ ਅਤੇ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੀ ਨੈਸ਼ਨਲ ਚੀਫ ਸਿੰਡੀ ਵੁੱਡਹਾਊਸ ਨੇਪਿਨਾਕ ਸਮੇਤ ਕਈ ਪ੍ਰਮੁੱਖ ਆਗੂਆਂ ਦੇ ਸੰਬੋਧਨ ਦੀ ਉਮੀਦ ਹੈ। ਇਸ ਮੌਕੇ ਟ੍ਰੀਟੀ 6 ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਨਵਾਂ ਸਮਾਰਕ ਵੀ ਜਾਰੀ ਕੀਤਾ ਜਾਵੇਗਾ।ਇਹ ਵਰ੍ਹੇਗੰਢ ਅਜਿਹੇ ਸਮੇਂ ਮਨਾਈ ਜਾ ਰਹੀ ਹੈ ਜਦੋਂ ਅਲਬਰਟਾ ਸਰਕਾਰ ਅਤੇ ਫਰਸਟ ਨੇਸ਼ਨਜ਼ ਵਿਚਾਲੇ ਸਬੰਧਾਂ ਵਿੱਚ ਤਣਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਅਲਬਰਟਾ ਵਿੱਚ ਪ੍ਰਸਤਾਵਿਤ ਵੱਖਵਾਦੀ ਰੈਫਰੈਂਡਮ ਨੂੰ ਲੈ ਕੇ ਕਈ ਫਰਸਟ ਨੇਸ਼ਨਜ਼ ਵੱਲੋਂ ਵਿਰੋਧ ਕੀਤਾ ਗਿਆ ਹੈ।ਸਸਕੈਚਵਨ ਸਰਕਾਰ ਨੇ ਹਾਲਾਂਕਿ ਟ੍ਰੀਟੀ 6 ਨੂੰ ਦੇਸ਼ ਦੇ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ਾਂ ਵਿੱਚੋਂ ਇੱਕ ਦੱਸਦਿਆਂ ਫਰਸਟ ਨੇਸ਼ਨਜ਼ ਨਾਲ ਸਹਿਯੋਗ ਨੂੰ ਜਾਰੀ ਰੱਖਣ ਦੀ ਗੱਲ ਕਹੀ ਹੈ।