ਕੈਨੇਡਾ ਵਿੱਚ ਨੌਜਵਾਨਾਂ ਦਾ ਮਾਪਿਆਂ ਨਾਲ ਰਹਿਣ ਦਾ ਰੁਝਾਨ ਵਧਿਆ, ਘਰਾਂ ਦੀ ਮਹਿੰਗਾਈ ਬਣੀ ਵੱਡਾ ਕਾਰਨ

ਕੈਨੇਡਾ ਵਿੱਚ ਨੌਜਵਾਨਾਂ ਦਾ ਮਾਪਿਆਂ ਨਾਲ ਰਹਿਣ ਦਾ ਰੁਝਾਨ ਵਧਿਆ, ਘਰਾਂ ਦੀ ਮਹਿੰਗਾਈ ਬਣੀ ਵੱਡਾ ਕਾਰਨ

ਓਟਵਾ-ਕੈਨੇਡਾ ਵਿੱਚ ਨੌਜਵਾਨ ਪੀੜ੍ਹੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਵੱਧ ਸਮੇਂ ਤੱਕ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ ਅਨੁਸਾਰ ਘਰਾਂ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ ਅਤੇ ਬਦਲ ਰਹੀਆਂ ਸਮਾਜਿਕ ਸਥਿਤੀਆਂ ਕਾਰਨ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ।ਰਿਪੋਰਟ ਮੁਤਾਬਕ 2021 ਵਿੱਚ 25 ਤੋਂ 39 ਸਾਲ ਦੇ 16.3 ਫੀਸਦੀ ਮਿਲੇਨੀਅਲ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ, ਜਦਕਿ 1991 ਵਿੱਚ ਇਸੇ ਉਮਰ ਵਰਗ ਦੇ ਸਿਰਫ਼ 8.2 ਫੀਸਦੀ ਬੇਬੀ ਬੂਮਰ ਹੀ ਮਾਪਿਆਂ ਨਾਲ ਰਹਿੰਦੇ ਸਨ। ਤਿੰਨ ਦਹਾਕਿਆਂ ਵਿੱਚ ਇਹ ਅੰਕੜਾ ਲਗਭਗ ਦੁੱਗਣਾ ਹੋ ਗਿਆ ਹੈ।

ਘਰ ਖਰੀਦਣਾ ਵੀ ਨੌਜਵਾਨਾਂ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। 2021 ਵਿੱਚ ਸਿਰਫ਼ 49.9 ਫੀਸਦੀ ਮਿਲੇਨੀਅਲ ਆਪਣੇ ਘਰਾਂ ਦੇ ਮਾਲਕ ਸਨ, ਜਦਕਿ 2006 ਵਿੱਚ 56.2 ਫੀਸਦੀ ਜਨਰੇਸ਼ਨ ਐਕਸ ਅਤੇ 1991 ਵਿੱਚ 55.9 ਫੀਸਦੀ ਬੇਬੀ ਬੂਮਰਜ਼ ਕੋਲ ਆਪਣੇ ਘਰ ਸਨ।ਟੋਰਾਂਟੋ ਅਤੇ ਵੈਨਕੂਵਰ ਵਰਗੇ ਮਹਿੰਗੇ ਸ਼ਹਿਰਾਂ ਵਿੱਚ ਇਹ ਰੁਝਾਨ ਹੋਰ ਵੱਧ ਦੇਖਿਆ ਗਿਆ। ਟੋਰਾਂਟੋ ਵਿੱਚ 26.1 ਫੀਸਦੀ ਅਤੇ ਵੈਨਕੂਵਰ ਵਿੱਚ 19.3 ਫੀਸਦੀ ਮਿਲੇਨੀਅਲ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ।

ਮਾਹਿਰਾਂ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧਾ ਅਤੇ ਆਮਦਨ ਵਿੱਚ ਹੌਲੀ ਵਧੋਤਰੀ ਇਸ ਦੇ ਮੁੱਖ ਕਾਰਨ ਹਨ। ਇੱਕ ਵਿਸ਼ਲੇਸ਼ਣ ਅਨੁਸਾਰ 2004 ਤੋਂ ਘਰਾਂ ਦੀਆਂ ਕੀਮਤਾਂ ਵਿੱਚ 200 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ, ਜਦਕਿ ਪਰਿਵਾਰਾਂ ਦੀ ਆਮਦਨ ਸਿਰਫ਼ 76 ਫੀਸਦੀ ਵਧੀ ਹੈ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਅੱਜਕੱਲ੍ਹ ਨੌਜਵਾਨ ਵਿਆਹ ਅਤੇ ਪਰਿਵਾਰ ਬਣਾਉਣ ਵਿੱਚ ਵੀ ਦੇਰੀ ਕਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਅਨੁਸਾਰ ਲੰਬੀ ਪੜ੍ਹਾਈ, ਦੇਰ ਨਾਲ ਕਰੀਅਰ ਦੀ ਸ਼ੁਰੂਆਤ ਅਤੇ ਬਦਲ ਰਹੀਆਂ ਸਮਾਜਿਕ ਤੇ ਸੱਭਿਆਚਾਰਕ ਸੋਚਾਂ ਵੀ ਇਸ ਬਦਲਾਅ ਲਈ ਜ਼ਿੰਮੇਵਾਰ ਹਨ।