ਐਡਮੰਟਨ ਦੇ ਰਿਵਰ ਵੈਲੀ ਪਾਰਕ ਵਿੱਚ ਨਿਯੰਤਰਿਤ ਅੱਗ ਲਗਾ ਕੇ ਘਟਾਇਆ ਜਾ ਰਿਹਾ ਜੰਗਲੀ ਅੱਗ ਦਾ ਖ਼ਤਰਾ
ਐਡਮੰਟਨ-ਐਡਮੰਟਨ ਫਾਇਰ ਰੈਸਕਿਊ ਸਰਵਿਸਿਜ਼ ਵੱਲੋਂ ਸ਼ੁੱਕਰਵਾਰ ਨੂੰ ਜੈਨ ਰਾਈਮਰ ਪਾਰਕ ਦੇ ਕੁਝ ਹਿੱਸਿਆਂ ਵਿੱਚ ਨਿਯੰਤਰਿਤ ਤਰੀਕੇ ਨਾਲ ਅੱਗ ਲਗਾਈ ਗਈ। ਇਹ ਕਾਰਵਾਈ ਸ਼ਹਿਰ ਦੀ ਜੰਗਲੀ ਅੱਗ ਰੋਕਥਾਮ ਯੋਜਨਾ ਤਹਿਤ ਕੀਤੀ ਗਈ, ਜਿਸ ਦਾ ਮਕਸਦ ਰਿਵਰ ਵੈਲੀ ਇਲਾਕੇ ਵਿੱਚ ਵਧ ਰਹੇ ਵਾਈਲਡਫਾਇਰ ਖ਼ਤਰੇ ਨੂੰ ਘਟਾਉਣਾ ਹੈ।
ਇਸ “ਪ੍ਰਿਸਕ੍ਰਾਈਬਡ ਬਰਨ” ਦੌਰਾਨ ਅਲਬਰਟਾ ਵਾਈਲਡਫਾਇਰ ਅਤੇ ਸਿਟੀ ਪਾਰਕ ਕਰਮਚਾਰੀਆਂ ਨੇ ਵੀ ਸਹਿਯੋਗ ਦਿੱਤਾ। ਅਧਿਕਾਰੀਆਂ ਅਨੁਸਾਰ ਇਸ ਤਰ੍ਹਾਂ ਦੀ ਨਿਯੰਤਰਿਤ ਅੱਗ ਨਾਲ ਸੁੱਕੀ ਘਾਹ ਅਤੇ ਪੱਤਿਆਂ ਵਰਗਾ ਜਲਣਸ਼ੀਲ ਸਮੱਗਰੀ ਹਟਾਈ ਜਾਂਦੀ ਹੈ, ਜਿਸ ਨਾਲ ਭਵਿੱਖ ਵਿੱਚ ਬੇਕਾਬੂ ਅੱਗ ਲੱਗਣ ਦਾ ਖ਼ਤਰਾ ਘਟਦਾ ਹੈ। ਇਸ ਨਾਲ ਮਿੱਟੀ ਨੂੰ ਪੋਸ਼ਕ ਤੱਤ ਮਿਲਦੇ ਹਨ ਅਤੇ ਵਾਤਾਵਰਣੀ ਸੰਤੁਲਨ ਤੇ ਜੈਵਿਕ ਵਿਭਿੰਨਤਾ ਨੂੰ ਵੀ ਫਾਇਦਾ ਹੁੰਦਾ ਹੈ।
ਟਰਵਿਲੀਗਰ ਪਾਰਕ ਫੁੱਟਬ੍ਰਿਜ਼ ਨੇੜੇ ਅੱਗ ਲੱਗਣ ਦੌਰਾਨ ਧੂੰਆਂ ਚਾਰੋਂ ਪਾਸੇ ਫੈਲ ਗਿਆ, ਜਦਕਿ ਫਾਇਰ ਟੀਮਾਂ ਨੇ ਪੂਰੀ ਸਥਿਤੀ ’ਤੇ ਨਜ਼ਰ ਰੱਖੀ। ਸੁਰੱਖਿਆ ਕਾਰਨਾਂ ਕਰਕੇ ਪਾਰਕ, ਨੇੜਲੇ ਟ੍ਰੇਲ ਅਤੇ ਫੁੱਟਬ੍ਰਿਜ਼ ਨੂੰ ਅਸਥਾਈ ਤੌਰ ’ਤੇ ਬੰਦ ਰੱਖਿਆ ਗਿਆ। ਟ੍ਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਅਸਥਾਈ ਹਵਾਈ ਪਾਬੰਦੀ ਕਾਰਨ ਡਰੋਨ ਉਡਾਉਣ ’ਤੇ ਵੀ ਰੋਕ ਲਗਾਈ ਗਈ।
ਅਸਿਸਟੈਂਟ ਡਿਪਟੀ ਚੀਫ਼ ਨੀਲ ਰਾਬਰਟਸਨ ਨੇ ਦੱਸਿਆ ਕਿ ਇਹ ਕਰੀਬ 18 ਹੈਕਟੇਅਰ ਖੇਤਰ ਵਿੱਚ ਕੀਤਾ ਗਿਆ ਬਰਨ ਸੀ, ਜੋ ਪਿਛਲੇ ਸਾਲਾਂ ਨਾਲੋਂ ਕਾਫ਼ੀ ਵੱਡਾ ਸੀ। ਉਨ੍ਹਾਂ ਕਿਹਾ ਕਿ ਬਸੰਤ ਦੇ ਮੌਸਮ ਵਿੱਚ ਘਾਹ ਸੁੱਕੀ ਹੋਣ ਕਾਰਨ ਇਸ ਸਮੇਂ ਅਜਿਹੀ ਕਾਰਵਾਈ ਕਰਨਾ ਵਧੀਆ ਰਹਿੰਦਾ ਹੈ ਅਤੇ ਇਸ ਨਾਲ ਹਰੀਆਵਲੀ ਵਧਣ ਵਿੱਚ ਵੀ ਮਦਦ ਮਿਲਦੀ ਹੈ।
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਐਡਮੰਟਨ ਅਤੇ ਕੇਂਦਰੀ ਤੇ ਦੱਖਣੀ ਅਲਬਰਟਾ ਵਿੱਚ ਵਧ ਰਹੀ ਗਰਮੀ ਅਤੇ ਸੁੱਕੇ ਮੌਸਮ ਕਾਰਨ ਵਾਈਲਡਫਾਇਰ ਦਾ ਖ਼ਤਰਾ ਵਧ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਤੱਕ ਅਲਬਰਟਾ ਦੇ ਫਾਰੈਸਟ ਪ੍ਰੋਟੈਕਸ਼ਨ ਖੇਤਰ ਵਿੱਚ ਨੌਂ ਜੰਗਲੀ ਅੱਗਾਂ ਸੜ ਰਹੀਆਂ ਸਨ।ਫਾਇਰ ਵਿਭਾਗ ਅਨੁਸਾਰ ਇਹ ਐਡਮੰਟਨ ਵਿੱਚ ਕੀਤਾ ਗਿਆ ਤੀਜਾ ਨਿਯੰਤਰਿਤ ਬਰਨ ਹੈ ਅਤੇ ਇਸ ਤਰ੍ਹਾਂ ਦੀਆਂ ਕਵਾਇਦਾਂ ਨਾਲ ਫਾਇਰਫਾਇਟਰਾਂ ਨੂੰ ਭਵਿੱਖ ਵਿੱਚ ਸ਼ਹਿਰੀ ਪਾਰਕਾਂ ਵਿੱਚ ਲੱਗਣ ਵਾਲੀਆਂ ਜੰਗਲੀ ਅੱਗਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਵੀ ਮਿਲਦੀ ਹੈ।
















