ਟੋਰਾਂਟੋ ਦੇ ਸ਼ਾਪਿੰਗ ਸੈਂਟਰ ’ਚ ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪਾਰਕਿੰਗ ਵਿੱਚ ਖੜ੍ਹੀ ਗੱਡੀ ਨੂੰ ਬਣਾਇਆ ਨਿਸ਼ਾਨ, ਪੁਲਿਸ ਵੱਲੋਂ ਜਾਂਚ ਜਾਰੀ
ਓਟਾਵਾ -ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ 37 ਸਾਲਾ ਭਾਰਤੀ-ਕੈਨੇਡੀਅਨ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਚੰਦਨ ਕੁਮਾਰ ਰਾਜਾ ਨੰਦਾਕੁਮਾਰ ਵਜੋਂ ਹੋਈ ਹੈ।
ਟੋਰਾਂਟੋ ਪੁਲਿਸ ਅਨੁਸਾਰ ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਵੁੱਡਬਾਈਨ ਸ਼ਾਪਿੰਗ ਸੈਂਟਰ ਵਿੱਚ ਵਾਪਰੀ। ਹਮਲਾਵਰਾਂ ਨੇ ਨੰਦਾਕੁਮਾਰ ਦੀ ਚਿੱਟੇ ਰੰਗ ਦੀ ਐਸਯੂਵੀ (SUV) ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੱਡੀ ਦੀ ਵਿੰਡਸ਼ੀਲਡ ਅਤੇ ਡਰਾਈਵਰ ਸਾਈਡ ਦੇ ਸ਼ੀਸ਼ੇ ’ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਨੰਦਾਕੁਮਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ, ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਨੰਦਾਕੁਮਾਰ ਬਰੈਂਪਟਨ ਵਿੱਚ ਵਸਦਾ ਸੀ ਅਤੇ ਪੇਸ਼ੇ ਵਜੋਂ ਆਈਟੀ ਪ੍ਰੋਫੈਸ਼ਨਲ ਸੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਟਾਰਗੇਟਡ ਇਨਸਿਡੈਂਟ ਸੀ।
ਦੂਜੇ ਪਾਸੇ, ਮ੍ਰਿਤਕ ਦੇ ਮਾਤਾ-ਪਿਤਾ ਨੇ ਖਦਸ਼ਾ ਜਤਾਇਆ ਹੈ ਕਿ ਕੈਨੇਡਾ ਵਿੱਚ ਕੰਨੜ ਐਸੋਸੀਏਸ਼ਨ ਬਣਾਉਣ ਲਈ ਨੰਦਾਕੁਮਾਰ ਵੱਲੋਂ ਕੀਤੇ ਜਾ ਰਹੇ ਯਤਨ ਇਸ ਹਮਲੇ ਦੇ ਪਿੱਛੇ ਕਾਰਨ ਹੋ ਸਕਦੇ ਹਨ। ਪਰ ਪੁਲਿਸ ਵੱਲੋਂ ਇਸ ਸੰਬੰਧੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਟੋਰਾਂਟੋ ਪੁਲਿਸ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦ ਗਵਾਹਾਂ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
















