ਨੋਵਾ ਸਕੋਸ਼ੀਆ ਵਿਧਾਨ ਸਭਾ ’ਚ ਹੰਗਾਮਾ, ਪ੍ਰੀਮੀਅਰ ਨੂੰ ‘ਝੂਠਾ’ ਕਹਿਣ ਮਗਰੋਂ ਐਨਡੀਪੀ ਆਗੂ ਸਦਨ ’ਚੋਂ ਬਾਹਰ

Tensions erupted in Nova Scotia’s legislature after NDP Leader Claudia Chender accused Premier Tim Houston of lying and running a smear campaign against her. The dispute centred on allegations that Chender opposed the Mount Hope affordable housing project before attending its opening ceremony.

ਨੋਵਾ ਸਕੋਸ਼ੀਆ ਵਿਧਾਨ ਸਭਾ ’ਚ ਹੰਗਾਮਾ, ਪ੍ਰੀਮੀਅਰ ਨੂੰ ‘ਝੂਠਾ’ ਕਹਿਣ ਮਗਰੋਂ ਐਨਡੀਪੀ ਆਗੂ ਸਦਨ ’ਚੋਂ ਬਾਹਰ

ਹੈਲੀਫੈਕਸ-ਨੋਵਾ ਸਕੋਸ਼ੀਆ ਦੀ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਐਨਡੀਪੀ ਆਗੂ ਅਤੇ ਵਿਰੋਧੀ ਧਿਰ ਦੀ ਨੇਤਾ ਕਲੌਡੀਆ ਚੈਂਡਰ ਨੇ ਪ੍ਰੀਮੀਅਰ ਟਿਮ ਹਿਊਸਟਨ ’ਤੇ ਝੂਠ ਬੋਲਣ ਅਤੇ ਆਪਣੇ ਖ਼ਿਲਾਫ਼ ਬਦਨਾਮੀ ਮੁਹਿੰਮ ਚਲਾਉਣ ਦੇ ਦੋਸ਼ ਲਗਾਏ। ਸਪੀਕਰ ਵੱਲੋਂ ਟਿੱਪਣੀ ਵਾਪਸ ਲੈਣ ਲਈ ਕਹੇ ਜਾਣ ਤੋਂ ਬਾਅਦ ਚੈਂਡਰ ਸਦਨ ਤੋਂ ਬਾਹਰ ਚਲੀ ਗਈ।

ਵਿਵਾਦ ਦੀ ਜੜ੍ਹ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਵੱਲੋਂ ਜਾਰੀ ਕੀਤੇ ਇੱਕ ਨਿਊਜ਼ਲੈਟਰ ਵਿੱਚ ਲਾਏ ਦੋਸ਼ ਹਨ। ਪਾਰਟੀ ਨੇ ਕਿਹਾ ਸੀ ਕਿ ਚੈਂਡਰ ਨੇ ਆਪਣੇ ਡਾਰਟਮੱਥ ਸਾਊਥ ਹਲਕੇ ਵਿੱਚ ਮਾਊਂਟ ਹੋਪ ਹਾਊਸਿੰਗ ਪ੍ਰਾਜੈਕਟ ਦਾ ਵਿਰੋਧ ਕੀਤਾ ਸੀ, ਪਰ ਬਾਅਦ ਵਿੱਚ ਇਸੇ ਪ੍ਰਾਜੈਕਟ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਈ।

ਪ੍ਰਸ਼ਨ ਕਾਲ ਦੌਰਾਨ ਹਿਊਸਟਨ ਨੇ ਵੀ ਚੈਂਡਰ ’ਤੇ ਕਿਫਾਇਤੀ ਘਰਾਂ ਦੇ ਪ੍ਰਾਜੈਕਟ ਦਾ ਵਿਰੋਧ ਕਰਨ ਦੇ ਦੋਸ਼ ਦੁਹਰਾਏ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਚੈਂਡਰ ਪ੍ਰਾਜੈਕਟ ਦੇ ਰਿਬਨ ਕੱਟ ਸਮਾਰੋਹ ਵਿੱਚ ਤਸਵੀਰ ਖਿਚਵਾਉਣ ਲਈ ਪਹੁੰਚੀ।

ਚੈਂਡਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਹਮੇਸ਼ਾ ਕਿਫਾਇਤੀ ਰਿਹਾਇਸ਼ ਦੀ ਹਮਾਇਤੀ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਜ਼ਿੰਮੇਵਾਰੀ ਆਪਣੇ ਹਲਕੇ ਦੇ ਲੋਕਾਂ ਵੱਲੋਂ ਦਿੱਤੀਆਂ ਪਟੀਸ਼ਨਾਂ ਅਤੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਉਣਾ ਵੀ ਹੈ।

ਸਪੀਕਰ ਡੈਨੀਅਲ ਬਾਰਖਾਊਸ ਨੇ ਚੈਂਡਰ ਨੂੰ ਆਪਣੀ ਟਿੱਪਣੀ ਵਾਪਸ ਲੈਣ ਲਈ ਕਿਹਾ, ਪਰ ਵਿਵਾਦ ਵਧਣ ਮਗਰੋਂ ਐਨਡੀਪੀ ਆਗੂ ਖੁਦ ਹੀ ਆਪਣੀ ਸੀਟ ਤੋਂ ਉੱਠ ਕੇ ਸਦਨ ਤੋਂ ਬਾਹਰ ਚਲੀ ਗਈ। ਬਾਅਦ ਵਿੱਚ ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਖ਼ਿਲਾਫ਼ ਗਲਤ ਜਾਣਕਾਰੀ ਫੈਲਾਉਣ ਅਤੇ ਬਦਨਾਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।