ਅਲਬਰਟਾ ਵਿੱਚ ਆਟੋ ਇੰਸ਼ੋਰੈਂਸ ਦਰਾਂ ‘ਤੇ ਨਵਾਂ ਕੈਪ ਲਾਗੂ
ਐਡਮੰਟਨ : ਅਲਬਰਟਾ ਸਰਕਾਰ ਨੇ ਵਧ ਰਹੀਆਂ ਆਟੋ ਇੰਸ਼ੋਰੈਂਸ ਕੀਮਤਾਂ ਨੂੰ ਕਾਬੂ ਕਰਨ ਲਈ ਨਵੇਂ “Adjusted Rate Cap” ਦਾ ਐਲਾਨ ਕੀਤਾ ਹੈ। ਇਹ ਨਵਾਂ ਕੈਪ 1 ਜਨਵਰੀ 2027 ਤੋਂ ਲਾਗੂ ਹੋਣ ਵਾਲੀ “Care-First” ਆਟੋ ਇੰਸ਼ੋਰੈਂਸ ਪ੍ਰਣਾਲੀ ਦੇ ਨਾਲ ਅਮਲ ਵਿੱਚ ਆਵੇਗਾ।
ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੇਂ ਨਿਯਮ ਹੇਠ ਬੀਮਾ ਕੰਪਨੀਆਂ ਆਪਣੀਆਂ ਔਸਤ ਦਰਾਂ ਵਿੱਚ ਪੰਜ ਫੀਸਦੀ ਤੋਂ ਵੱਧ ਵਾਧਾ ਨਹੀਂ ਕਰ ਸਕਣਗੀਆਂ, ਜਦਕਿ ਆਮ ਡਰਾਈਵਰਾਂ ਦੇ ਪ੍ਰੀਮੀਅਮ ਰਿਨਿਊਅਲ ਸਮੇਂ ਵੱਧ ਤੋਂ ਵੱਧ 10 ਫੀਸਦੀ ਤੱਕ ਹੀ ਵਧਾਏ ਜਾ ਸਕਣਗੇ।ਸਰਕਾਰ ਨੇ ਕਿਹਾ ਕਿ ਕਾਨੂੰਨੀ ਖਰਚਿਆਂ, ਮਹਿੰਗਾਈ, ਵਾਹਨ ਚੋਰੀਆਂ, ਕੁਦਰਤੀ ਆਫ਼ਤਾਂ ਅਤੇ ਟੈਰਿਫ਼ ਕਾਰਨ ਆਟੋ ਇੰਸ਼ੋਰੈਂਸ ਮਹਿੰਗੀ ਹੋ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।
ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਨੇਟ ਹੋਰਨਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ “Care-First” ਪ੍ਰਣਾਲੀ ਨਾਲ ਡਰਾਈਵਰਾਂ ਨੂੰ ਅਸਲ ਬਚਤ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਪ੍ਰਣਾਲੀ ਦੀ ਲਗਾਤਾਰ ਨਿਗਰਾਨੀ ਕਰੇਗੀ ਤਾਂ ਜੋ ਚੰਗੇ ਡਰਾਈਵਰਾਂ ਨੂੰ ਘੱਟ ਬੀਮਾ ਖਰਚ ਦਾ ਲਾਭ ਮਿਲ ਸਕੇ।
Oliver Wyman ਵੱਲੋਂ ਕੀਤੀ ਗਈ ਸੁਤੰਤਰ ਰਿਪੋਰਟ ਮੁਤਾਬਕ ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਆਟੋ ਇੰਸ਼ੋਰੈਂਸ ਪ੍ਰੀਮੀਅਮ ਵਿੱਚ ਔਸਤ ਕਮੀ ਆਉਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ ਬੇਸਿਕ ਕਵਰੇਜ ਵਾਲੇ ਡਰਾਈਵਰ ਹਰ ਵਾਹਨ ‘ਤੇ ਔਸਤ 366 ਡਾਲਰ ਤੱਕ ਦੀ ਬਚਤ ਕਰ ਸਕਣਗੇ।ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਉਮੀਦ ਅਨੁਸਾਰ ਬਚਤ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਹੋਰ ਸਖ਼ਤ ਕਦਮ ਵੀ ਚੁੱਕੇ ਜਾਣਗੇ। ਇਸ ਵਿੱਚ ਰੇਟ ਕੈਪ ਵਿੱਚ ਹੋਰ ਸੋਧਾਂ ਅਤੇ ਨਵੀਆਂ ਨੀਤੀਆਂ ਲਾਗੂ ਕਰਨਾ ਸ਼ਾਮਲ ਹੋ ਸਕਦਾ ਹੈ।
“Care-First” ਪ੍ਰਣਾਲੀ ਹਾਦਸਿਆਂ ਤੋਂ ਬਾਅਦ ਲੰਬੀਆਂ ਅਦਾਲਤੀ ਕਾਰਵਾਈਆਂ ਦੀ ਬਜਾਏ ਜ਼ਖ਼ਮੀ ਲੋਕਾਂ ਨੂੰ ਤੁਰੰਤ ਇਲਾਜ ਅਤੇ ਰਿਕਵਰੀ ਸਹੂਲਤਾਂ ਦੇਣ ‘ਤੇ ਕੇਂਦ੍ਰਿਤ ਹੋਵੇਗੀ। ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਪ੍ਰਣਾਲੀ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਕੀ ਖਰਚੇ ਕਾਫ਼ੀ ਵੱਧ ਹਨ, ਜਿਸ ਦਾ ਸਿੱਧਾ ਭਾਰ ਡਰਾਈਵਰਾਂ ‘ਤੇ ਪੈਂਦਾ ਹੈ।ਨਵੀਂ ਪ੍ਰਣਾਲੀ ਹੇਠ “Automobile Insurance Rate Board” ਵੱਲੋਂ ਬੀਮਾ ਕੰਪਨੀਆਂ ਦੀਆਂ ਦਰਾਂ ਅਤੇ ਮੁਨਾਫ਼ਿਆਂ ‘ਤੇ ਨਿਗਰਾਨੀ ਜਾਰੀ ਰੱਖੀ ਜਾਵੇਗੀ ਤਾਂ ਜੋ ਪ੍ਰੀਮੀਅਮ ਦਰਾਂ ਵਿੱਚ ਸਥਿਰਤਾ ਬਣੀ ਰਹੇ।
















