ਕੈਲਗਰੀ ਦੇ ਘਰ ਤੋਂ 1.5 ਲੱਖ ਡਾਲਰ ਤੋਂ ਵੱਧ ਦਾ ਚੋਰੀਸ਼ੁਦਾ ਲੂਲੂਲੈਮਨ ਸਮਾਨ ਬਰਾਮਦ, ਔਰਤ ਖ਼ਿਲਾਫ਼ ਕਈ ਮਾਮਲੇ ਦਰਜ
ਕੈਲਗਰੀ-ਕੈਲਗਰੀ ਪੁਲਿਸ ਨੇ ਉੱਤਰ-ਪੂਰਬੀ ਕੈਲਗਰੀ ਦੇ ਇੱਕ ਘਰ ਵਿੱਚ ਛਾਪਾ ਮਾਰ ਕੇ 1.5 ਲੱਖ ਡਾਲਰ ਤੋਂ ਵੱਧ ਕੀਮਤ ਦਾ ਚੋਰੀਸ਼ੁਦਾ ਲੂਲੂਲੈਮਨ ਸਮਾਨ, ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਗੈਰਕਾਨੂੰਨੀ ਵਸਤਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਇੱਕ 35 ਸਾਲਾ ਔਰਤ ਖ਼ਿਲਾਫ਼ ਕਈ ਗੰਭੀਰ ਦੋਸ਼ ਦਰਜ ਕੀਤੇ ਗਏ ਹਨ।ਪੁਲਿਸ ਮੁਤਾਬਕ ਜਾਂਚ ਦੀ ਸ਼ੁਰੂਆਤ 20 ਮਈ ਨੂੰ ਉਸ ਵੇਲੇ ਹੋਈ ਜਦੋਂ ਅਧਿਕਾਰੀ ਲਿਵਿੰਗਸਟਨ ਇਲਾਕੇ ਦੇ ਹੇਰਨ ਮਿਊਜ਼ ਐਨ.ਈ. ਸਥਿਤ ਇੱਕ ਘਰ ਵਿੱਚ ਰੁਟੀਨ ਕਰਫਿਊ ਜਾਂਚ ਲਈ ਪਹੁੰਚੇ। ਘਰ ਵਿੱਚ ਰਹਿ ਰਹੀ ਔਰਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜੋ ਉਸ ਦੀਆਂ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਸੀ।
ਅਗਲੇ ਦਿਨ ਪੁਲਿਸ ਵਾਰੰਟ ਲੈ ਕੇ ਮੁੜ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਘਰ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਅਧਿਕਾਰੀਆਂ ਨੇ ਘਰ ਅੰਦਰ ਨਸ਼ੀਲੇ ਪਦਾਰਥ, ਨਕਦੀ ਅਤੇ ਸ਼ੱਕੀ ਚੋਰੀਸ਼ੁਦਾ ਸਮਾਨ ਦੇਖਿਆ। ਇਸ ਤੋਂ ਬਾਅਦ ਇੱਕ ਹੋਰ ਤਲਾਸ਼ੀ ਵਾਰੰਟ ਹਾਸਲ ਕਰਕੇ ਘਰ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ।ਤਲਾਸ਼ੀ ਦੌਰਾਨ ਪੁਲਿਸ ਨੇ 1,50,000 ਡਾਲਰ ਤੋਂ ਵੱਧ ਕੀਮਤ ਦਾ ਚੋਰੀਸ਼ੁਦਾ ਲੂਲੂਲੈਮਨ ਬ੍ਰਾਂਡ ਦਾ ਸਮਾਨ ਬਰਾਮਦ ਕੀਤਾ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਮਾਨ ਆਵਾਜਾਈ ਦੌਰਾਨ ਚੋਰੀ ਕੀਤਾ ਗਿਆ ਸੀ।ਇਸ ਤੋਂ ਇਲਾਵਾ ਮੈਥਾਮਫੈਟਾਮੀਨ (ਮੈਥ), ਕੋਕੇਨ, ਵੱਡੀ ਮਾਤਰਾ ਵਿੱਚ ਨਕਦੀ, ਗੈਰਕਾਨੂੰਨੀ ਤੰਬਾਕੂ, ਗੋਲੀਆਂ (ਅਮਿਊਨੀਸ਼ਨ) ਅਤੇ ਦਰਜਨਾਂ ਚੋਰੀਸ਼ੁਦਾ ਪਛਾਣ ਪੱਤਰ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਪਹਿਲਾਂ ਵਾਪਰੀਆਂ ਚੋਰੀਆਂ ਅਤੇ ਘਰਾਂ ਵਿੱਚ ਸੰਨ੍ਹ ਮਾਰਨ ਦੀਆਂ ਘਟਨਾਵਾਂ ਨਾਲ ਸਬੰਧਤ ਕਈ ਵਸਤਾਂ ਵੀ ਕਬਜ਼ੇ ਵਿੱਚ ਲਈਆਂ ਹਨ, ਜਿਨ੍ਹਾਂ ਵਿੱਚ ਇਤਰ, ਸੁੰਦਰਤਾ ਉਤਪਾਦ ਅਤੇ ਸਿੱਕਿਆਂ ਦਾ ਸੰਗ੍ਰਹਿ ਸ਼ਾਮਲ ਹੈ।ਪੁਲਿਸ ਨੇ ਦੱਸਿਆ ਕਿ ਕੈਸੈਂਡਰਾ ਰੂਬੀ ਸੇਂਟ ਓਂਜ (35) ਖ਼ਿਲਾਫ਼ ਨਸ਼ਾ ਤਸਕਰੀ, ਚੋਰੀਸ਼ੁਦਾ ਜਾਇਦਾਦ ਰੱਖਣ, ਅਪਰਾਧਿਕ ਕਮਾਈ ਦੀ ਮਾਲਕੀ, ਚੋਰੀਸ਼ੁਦਾ ਪਛਾਣ ਪੱਤਰ ਰੱਖਣ ਅਤੇ ਪਾਬੰਦੀਸ਼ੁਦਾ ਗੋਲਾ-ਬਾਰੂਦ ਰੱਖਣ ਸਮੇਤ ਸੱਤ ਦੋਸ਼ ਦਰਜ ਕੀਤੇ ਗਏ ਹਨ।ਮੁਲਜ਼ਮ ਔਰਤ ਦੀ ਅਦਾਲਤ ਵਿੱਚ ਪੇਸ਼ੀ ਸ਼ੁੱਕਰਵਾਰ ਨੂੰ ਹੋਣੀ ਹੈ।ਕੈਲਗਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਜਾਂ ਗੁਪਤ ਤੌਰ 'ਤੇ ਕ੍ਰਾਈਮ ਸਟਾਪਰਜ਼ ਨੂੰ ਸੂਚਨਾ ਦੇਣ।
















