ਬੀ.ਸੀ. ਵਿੱਚ ਰਿਹਾਇਸ਼ੀ ਗੈਸ ਬਿੱਲਾਂ ਵਿੱਚ ਹੋਵੇਗਾ ਵਾਧਾ, ਅਗਲੇ ਮਹੀਨੇ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਵੈਨਕੂਵਰ--ਬ੍ਰਿਟਿਸ਼ ਕੋਲੰਬੀਆ ਦੇ ਹਜ਼ਾਰਾਂ ਘਰੇਲੂ ਗੈਸ ਖਪਤਕਾਰਾਂ ਨੂੰ ਅਗਲੇ ਮਹੀਨੇ ਤੋਂ ਆਪਣੇ ਬਿੱਲਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ। ਊਰਜਾ ਸੇਵਾ ਪ੍ਰਦਾਤਾ ਫੋਰਟਿਸ ਬੀਸੀ ਨੇ ਐਲਾਨ ਕੀਤਾ ਹੈ ਕਿ ਕੁਦਰਤੀ ਗੈਸ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਰਿਹਾਇਸ਼ੀ ਗਾਹਕਾਂ ਦੇ ਮਹੀਨਾਵਾਰ ਬਿੱਲਾਂ ਵਿੱਚ ਕਰੀਬ 1.57 ਡਾਲਰ ਦਾ ਇਜ਼ਾਫ਼ਾ ਹੋਵੇਗਾ।
ਕੰਪਨੀ ਮੁਤਾਬਕ ਇਹ ਅੰਦਾਜ਼ਾ ਉਨ੍ਹਾਂ ਗਾਹਕਾਂ ਲਈ ਹੈ ਜੋ ਔਸਤਨ ਹਰ ਮਹੀਨੇ 7.5 ਗਿਗਾਜੂਲ ਗੈਸ ਦੀ ਖਪਤ ਕਰਦੇ ਹਨ।ਫੋਰਟਿਸ ਬੀਸੀ ਨੇ ਦੱਸਿਆ ਕਿ ਦਰਾਂ ਵਿੱਚ ਵਾਧੇ ਦਾ ਮੁੱਖ ਕਾਰਨ ਰੀਨਿਊਏਬਲ ਨੈਚੁਰਲ ਗੈਸ (ਆਰਐਨਜੀ) ਦੀ ਵਧਦੀ ਵਰਤੋਂ ਹੈ। ਇਹ ਗੈਸ ਜੈਵਿਕ ਕੂੜੇ-ਕਰਕਟ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਵਾਤਾਵਰਣ ਪੱਖੋਂ ਰਵਾਇਤੀ ਕੁਦਰਤੀ ਗੈਸ ਨਾਲੋਂ ਵਧੇਰੇ ਟਿਕਾਊ ਮੰਨੀ ਜਾਂਦੀ ਹੈ।
ਕੰਪਨੀ ਅਨੁਸਾਰ ਗੈਸ ਸਪਲਾਈ ਵਿੱਚ ਹੁਣ ਆਰਐਨਜੀ ਦੀ ਹਿੱਸੇਦਾਰੀ ਵਧਾਈ ਜਾ ਰਹੀ ਹੈ, ਜਿਸ ਕਾਰਨ ਕੁੱਲ ਲਾਗਤ ਵਿੱਚ ਵੀ ਵਾਧਾ ਹੋਇਆ ਹੈ। ਇਹ ਨਵੀਆਂ ਦਰਾਂ ਬ੍ਰਿਟਿਸ਼ ਕੋਲੰਬੀਆ ਯੂਟਿਲਿਟੀਜ਼ ਕਮਿਸ਼ਨ (ਬੀਸੀਯੂਸੀ) ਵੱਲੋਂ ਮਨਜ਼ੂਰ ਕੀਤੀਆਂ ਗਈਆਂ ਹਨ।ਫੋਰਟਿਸ ਬੀਸੀ ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀ ਕੁਦਰਤੀ ਗੈਸ ਦੀ ਕੀਮਤ 'ਤੇ ਕੋਈ ਵਾਧੂ ਮੁਨਾਫ਼ਾ ਨਹੀਂ ਜੋੜਦੀ ਅਤੇ ਗਾਹਕਾਂ ਤੋਂ ਉਹੀ ਕੀਮਤ ਵਸੂਲ ਕੀਤੀ ਜਾਂਦੀ ਹੈ ਜੋ ਕੰਪਨੀ ਖੁਦ ਅਦਾ ਕਰਦੀ ਹੈ। ਹਾਲਾਂਕਿ ਉੱਤਰੀ ਅਮਰੀਕਾ ਵਿੱਚ ਮੰਗ ਅਤੇ ਸਪਲਾਈ, ਮੌਸਮੀ ਹਾਲਾਤ ਅਤੇ ਵਿਸ਼ਵ ਆਰਥਿਕ ਸਥਿਤੀਆਂ ਗੈਸ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।ਕੰਪਨੀ ਨੇ ਦੱਸਿਆ ਕਿ ਨਵੀਆਂ ਦਰਾਂ 1 ਅਕਤੂਬਰ ਤੱਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ ਅਗਲੀ ਤਿਮਾਹੀ ਸਮੀਖਿਆ ਦੌਰਾਨ ਕੀਮਤਾਂ ਦਾ ਮੁੜ ਜਾਇਜ਼ਾ ਲਿਆ ਜਾਵੇਗਾ।ਇਸ ਦੇ ਨਾਲ ਹੀ ਫੋਰਟਿਸ ਬੀਸੀ ਦੇ ਸਵੈਇੱਛਕ ਰੀਨਿਊਏਬਲ ਨੈਚੁਰਲ ਗੈਸ ਪ੍ਰੋਗਰਾਮ ਦੀ ਫੀਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਫੀਸ 8.66 ਡਾਲਰ ਪ੍ਰਤੀ ਮਹੀਨਾ ਹੀ ਰਹੇਗੀ। ਇਸ ਯੋਜਨਾ ਤਹਿਤ ਗਾਹਕ ਆਪਣੀ ਗੈਸ ਖਪਤ ਦਾ 100 ਫੀਸਦੀ ਹਿੱਸਾ ਆਰਐਨਜੀ ਤੋਂ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਹਨ।
ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਇਹ ਵਾਧਾ ਛੋਟਾ ਹੈ, ਪਰ ਸਾਫ਼ ਅਤੇ ਵਾਤਾਵਰਣ-ਅਨੁਕੂਲ ਊਰਜਾ ਵੱਲ ਵੱਧ ਰਹੇ ਕਦਮਾਂ ਕਾਰਨ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
















