ਕੈਲਗਰੀ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਭਿਆਨਕ ਅੱਗ, 6 ਵਿਅਕਤੀ ਹਸਪਤਾਲ ਦਾਖਲ

ਕੈਲਗਰੀ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਭਿਆਨਕ ਅੱਗ, 6 ਵਿਅਕਤੀ ਹਸਪਤਾਲ ਦਾਖਲ

ਕੈਲਗਰੀ-ਕੈਲਗਰੀ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਐਤਵਾਰ ਦੁਪਹਿਰ ਲੱਗੀ ਅੱਗ ਕਾਰਨ ਛੇ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਕੈਲਗਰੀ ਪੁਲਿਸ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ ਕਰੀਬ 12:25 ਵਜੇ ਮੈਕਲਿਓਡ ਟ੍ਰੇਲ ਦੱਖਣ-ਪੂਰਬ ਦੇ 400 ਬਲਾਕ ਵਿੱਚ ਸਥਿਤ ਰਿਹਾਇਸ਼ੀ ਕੰਪਲੈਕਸ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਅੱਗ ਬੁਝਾਊ ਦਲ, ਪੁਲਿਸ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ।

ਕੈਲਗਰੀ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਮੁਤਾਬਕ ਅੱਗ ਇੱਕ ਅਪਾਰਟਮੈਂਟ ਸੂਟ ਤੋਂ ਸ਼ੁਰੂ ਹੋਈ ਅਤੇ ਕੁਝ ਹੀ ਸਮੇਂ ਵਿੱਚ ਇਮਾਰਤ ਦੇ ਹੋਰ ਹਿੱਸਿਆਂ ਤੱਕ ਫੈਲ ਗਈ, ਜਿਸ ਕਾਰਨ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ।ਐਮਰਜੈਂਸੀ ਮੈਡੀਕਲ ਸਰਵਿਸਿਜ਼ (ਈਐਮਐਸ) ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਅਤੇ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਦਕਿ ਦੋ ਹੋਰਾਂ ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ ਤਿੰਨ ਵਿਅਕਤੀਆਂ ਨੂੰ ਸਥਿਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਕਿਸੇ ਵੀ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ।ਇਸੇ ਦਿਨ ਕੈਲਗਰੀ ਫਾਇਰ ਡਿਪਾਰਟਮੈਂਟ ਨੂੰ ਹੋਰ ਦੋ ਵੱਡੀਆਂ ਅੱਗ ਦੀਆਂ ਘਟਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ। ਉੱਤਰ-ਪੱਛਮੀ ਇਲਾਕੇ ਕੇਨਸਿੰਗਟਨ ਵਿੱਚ ਲੱਗੀ ਅੱਗ ਕਾਰਨ ਦੋ ਗੈਰਾਜ ਅਤੇ ਇੱਕ ਬਿਜਲੀ ਦਾ ਖੰਭਾ ਨੁਕਸਾਨਿਆ ਗਿਆ, ਜਦਕਿ ਦੱਖਣ-ਪੂਰਬੀ ਕੈਲਗਰੀ ਸਥਿਤ ਸ਼ੈਪਰਡ ਲੈਂਡਫ਼ਿਲ ਅਤੇ ਈਕੋ ਸੈਂਟਰ ਵਿੱਚ ਵੀ ਵੱਡੀ ਅੱਗ ਲੱਗਣ ਦੀ ਘਟਨਾ ਵਾਪਰੀ।ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਾਂਚ ਪੂਰੀ ਹੋਣ ਤੱਕ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਕਰਮਚਾਰੀਆਂ ਨਾਲ ਸਹਿਯੋਗ ਕਰਨ।