ਆਈਸੀਸੀ ਨੇ ਬੰਗਲਾਦੇਸ਼ ਦੀ ਅਪੀਲ ਕੀਤੀ ਰੱਦ, ਟੀ-20 ਵਰਲਡ ਕੱਪ 2026 ਦੇ ਮੈਚ ਭਾਰਤ ਵਿੱਚ ਹੀ ਹੋਣਗੇ
ਨਵੀਂ ਦਿੱਲੀ/ਦੁਬਈ-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੀ-20 ਵਰਲਡ ਕੱਪ 2026 ਦੌਰਾਨ ਆਪਣੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੀ ਅਪੀਲ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਹੋਈ ਆਈਸੀਸੀ ਬੋਰਡ ਦੀ ਮੀਟਿੰਗ ਦੌਰਾਨ ਇਸ ਮਸਲੇ ’ਤੇ ਵੋਟਿੰਗ ਕਰਵਾਈ ਗਈ, ਜਿਸ ਵਿੱਚ ਬੀਸੀਬੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਵੋਟਿੰਗ ਦੌਰਾਨ 16 ਵਿੱਚੋਂ 14 ਮੈਂਬਰ ਦੇਸ਼ਾਂ ਨੇ ਬੰਗਲਾਦੇਸ਼ ਦੀ ਅਪੀਲ ਦੇ ਵਿਰੋਧ ਵਿੱਚ ਵੋਟ ਦਿੱਤੀ, ਜਦਕਿ ਸਿਰਫ਼ ਪਾਕਿਸਤਾਨ ਅਤੇ ਬੰਗਲਾਦੇਸ਼ ਨੇ ਇਸਦੇ ਹੱਕ ਵਿੱਚ ਵੋਟ ਪਾਈ। ਇਸ ਫੈਸਲੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਬੰਗਲਾਦੇਸ਼ ਦੇ ਸਾਰੇ ਮੈਚ ਭਾਰਤ ਵਿੱਚ ਹੀ ਕਰਵਾਏ ਜਾਣਗੇ।
ਆਈਸੀਸੀ ਨੇ ਬੀਸੀਬੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਫੈਸਲੇ ਬਾਰੇ ਆਪਣੀ ਸਰਕਾਰ ਨੂੰ ਤੁਰੰਤ ਸੂਚਿਤ ਕਰੇ। ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਬੰਗਲਾਦੇਸ਼ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਉਸਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਸੂਤਰਾਂ ਮੁਤਾਬਕ, ਅਜਿਹੀ ਸਥਿਤੀ ਵਿੱਚ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਟੀ-20 ਵਰਲਡ ਕੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਆਈਸੀਸੀ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਜਲਦ ਹੀ ਅੰਤਿਮ ਕਾਰਵਾਈ ਕੀਤੀ ਜਾਵੇਗੀ। ਇਹ ਫੈਸਲਾ 21 ਜਨਵਰੀ ਨੂੰ ਆਈਸੀਸੀ ਬੋਰਡ ਦੀ ਵੀਡੀਓ ਕਾਨਫਰੰਸ ਮੀਟਿੰਗ ਤੋਂ ਬਾਅਦ ਲਿਆ ਗਿਆ। ਇਹ ਮੀਟਿੰਗ ਬੀਸੀਬੀ ਵੱਲੋਂ ਰੱਖੀ ਗਈ ਉਸ ਮੰਗ ਤੋਂ ਬਾਅਦ ਬੁਲਾਈ ਗਈ ਸੀ, ਜਿਸ ਤਹਿਤ ਬੰਗਲਾਦੇਸ਼ ਨੇ ਆਪਣੇ ਮੈਚ ਭਾਰਤ ਦੀ ਬਜਾਏ ਸ਼੍ਰੀਲੰਕਾ ਵਿੱਚ ਕਰਵਾਉਣ ਦੀ ਮੰਗ ਕੀਤੀ ਸੀ। ਆਈਸੀਸੀ ਨੇ ਮੀਟਿੰਗ ਦੌਰਾਨ ਸਾਰੀਆਂ ਸੁਰੱਖਿਆ ਰਿਪੋਰਟਾਂ ਅਤੇ ਸੁਤੰਤਰ ਜਾਂਚਾਂ ’ਤੇ ਵਿਚਾਰ ਕੀਤਾ। ਇਨ੍ਹਾਂ ਰਿਪੋਰਟਾਂ ਵਿੱਚ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਸੀ ਕਿ ਭਾਰਤ ਵਿੱਚ ਬੰਗਲਾਦੇਸ਼ੀ ਖਿਡਾਰੀਆਂ, ਅਧਿਕਾਰੀਆਂ, ਮੀਡੀਆ ਅਤੇ ਪ੍ਰਸ਼ੰਸਕਾਂ ਲਈ ਕੋਈ ਸੁਰੱਖਿਆ ਖ਼ਤਰਾ ਨਹੀਂ ਹੈ। ਆਈਸੀਸੀ ਨੇ ਇਹ ਵੀ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ ਦੇ ਬਹੁਤ ਨੇੜੇ ਆ ਕੇ ਸ਼ਡਿਊਲ ਵਿੱਚ ਤਬਦੀਲੀ ਕਰਨਾ ਸੰਭਵ ਨਹੀਂ ਹੈ। ਬਿਨਾਂ ਕਿਸੇ ਠੋਸ ਸੁਰੱਖਿਆ ਖ਼ਤਰੇ ਦੇ ਅਜਿਹਾ ਕਰਨ ਨਾਲ ਭਵਿੱਖ ਦੇ ਆਈਸੀਸੀ ਟੂਰਨਾਮੈਂਟਾਂ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ ਅਤੇ ਸੰਸਥਾ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ, ਜਦੋਂ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਦਾ ਆਈਪੀਐਲ ਇਕਰਾਰਨਾਮਾ ਖਤਮ ਹੋਇਆ। ਇਸ ਤੋਂ ਬਾਅਦ ਬੀਸੀਬੀ ਨੇ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਆਈਸੀਸੀ ਕੋਲ ਭਾਰਤ ਵਿੱਚ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਆਈਸੀਸੀ ਦੇ ਤਾਜ਼ਾ ਫੈਸਲੇ ਤੋਂ ਬਾਅਦ ਬੀਸੀਬੀ ਦੀ ਇਹ ਰਣਨੀਤੀ ਅਸਫਲ ਰਹੀ ਹੈ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ ਉਸਦੇ ਸਾਰੇ ਫੈਸਲੇ ਸੁਰੱਖਿਆ ਰਿਪੋਰਟਾਂ, ਮੇਜ਼ਬਾਨ ਦੇਸ਼ ਦੀਆਂ ਗਾਰੰਟੀਆਂ ਅਤੇ ਨਿਰਧਾਰਤ ਨਿਯਮਾਂ ਦੇ ਅਧਾਰ ’ਤੇ ਹੁੰਦੇ ਹਨ, ਜੋ ਸਾਰੀਆਂ ਟੀਮਾਂ ’ਤੇ ਬਰਾਬਰ ਲਾਗੂ ਹੁੰਦੇ ਹਨ।
















